ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪ੍ਰਵਾਦ. ਸੰਗ੍ਯਾ- ਝੂਠੀ ਬਦਨਾਮੀ. ਨਿੰਦਾ. "ਅਹੰਬੁਧਿ ਪਰਬਾਦ ਨੀਤ." (ਬਿਲਾ ਮਃ ੫)


ਸੰ. ਪ੍ਰਵੀਣ- ਵਿ- ਨਿਪੁਣ. ਚਤੁਰ। ੨. ਪੂਰਾ ਜਾਣਨ ਵਾਲਾ. ਪੂਰਣ ਗ੍ਯਾਨੀ "ਜਾਨਨਹਾਰ ਪ੍ਰਭੂ ਪਰਬੀਨ." (ਸੁਖਮਨੀ) " ਸੋ ਸਰਬਗੁਣ ਪਰਬੀਨਾ." (ਬਿਹਾ ਛੰਤ ਮਃ ੫) ਦੇਖੋ, ਪ੍ਰਵੀਣ.


ਸੰ. ਪ੍ਰਬੋਧ. ਸੰਗ੍ਯਾ- ਜਾਗਣ ਦਾ ਭਾਵ. ਨੀਂਦ ਦਾ ਅਭਾਵ। ੨. ਗ੍ਯਾਨ ਅਵਸ੍‍ਥਾ. ਅਗ੍ਯਾਨ ਦਾ ਅਭਾਵ. "ਮਨੁ ਪਰਬੋਧਹੁ ਹਰਿ ਕੈ ਨਾਇ." (ਸੁਖਮਨੀ)


ਪ੍ਰਬੁੱਧ ਕਰੋ. ਜਗਾਓ. ਗ੍ਯਾਨ ਸਹਿਤ ਕਰੋ. ਦੇਖੋ. ਪਰਬੋਧ ੨.


ਸੰ. ਪ੍ਰਬੋਧਨ. ਸੰਗ੍ਯਾ- ਜਾਗਣਾ. ਜਾਗਰਣ. ਨੀਂਦ ਦਾ ਤ੍ਯਾਗ। ੨. ਯਥਾਰਥ ਗ੍ਯਾਨ. ਆਤਮਾ ਦੇ ਜਾਣਨ ਦੀ ਹਾਲਤ। ੩. ਬੋਧ (ਗ੍ਯਾਨ) ਕਰਾਉਣਾ. ਗ੍ਯਾਨ ਦੇਣਾ। ੪. ਪ੍ਰਸੰਨ ਕਰਨ ਦੀ ਕ੍ਰਿਯਾ. "ਚਲੁ ਚਲੁ ਸਖੀ, ਹਮ ਪ੍ਰਭੁ ਪਰਬੋਧਹ." (ਬਿਲਾ ਅਃ ਮਃ ੪) ੫. ਧੀਰਯ ਦੇਣਾ. ਤਸੱਲੀ ਦੇਣੀ.