ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ऋतनी. ਸਤ੍ਯ ਦਾ ਆਗੂ. ਸਚਾਈ ਦਾ ਲੀਡਰ.


ਰੀਤਾ. ਖਾਲੀ. ਰਹਿਤ. "ਚਰਨਕਮਲ ਰੰਗਿ ਰਿਤਨੋ." (ਗਉ ਮਃ ੫)


ਸੰ. ऋत्विज्. ਸੰਗ੍ਯਾ- ਰਿਤੁ (ਰੁੱਤ) ਅਨੁਸਾਰ ਕ਼ੁਰਬਾਨੀ ਕਰਨ ਵਾਲਾ. ਭਾਵ- ਯਗ੍ਯ ਵਿਧਿ ਕਰਨ ਵਾਲਾ ਬ੍ਰਾਹਮਣ. ਯਗ੍ਯ ਵਿੱਚ ਰਿਤ੍ਵਿਜ ੧੬. ਹੁੰਦੇ ਹਨ, ਜਿਨ੍ਹਾਂ ਵਿੱਚੋਂ ਚਾਰ ਪ੍ਰਧਾਨ ਹੋਇਆ ਕਰਦੇ ਹਨ-#(ੳ) ਹੋਤਾ- होत् (ਰਿਗਵੇਦ ਅਨੁਸਾਰ ਕਰਮ ਕਰਾਉਣ ਵਾਲਾ)#(ਅ) ਅਧ੍ਵਰ੍‍ਯੁ (ਯਜੁਰਵੇਦ ਅਨੁਸਾਰ ਕਰਮ ਕਰਾਉਣ ਵਾਲਾ).#(ੲ) ਉਦ੍‌ਗਾਤਾ (ਸਾਮਵੇਦ ਅਨੁਸਾਰ ਕਰਮ ਕਰਾਉਣ ਵਾਲਾ)#(ਸ) ਬ੍ਰਹ੍‌ਮਾ (ਚਾਰ ਵੇਦਾਂ ਦਾ ਗ੍ਯਾਤਾ, ਜੋ ਜਗ੍ਯ ਦੇ ਸਾਰੇ ਕਰਮਾਂ ਪੁਰ ਨਿਗਰਾਨੀ ਕਰੇ). "ਕੋਟਿ ਕੋਟਿ ਬੁਲਾਇ ਰਿੱਤਜ ਕੋਟਿ ਬ੍ਰਹਮ ਬੁਲਾਇ." (ਯੁਧਿਸਟਰ- ਰਾਜ)


ਸੰ. ऋतानृत. ਰਿਤ (ਸਤ੍ਯ) ਅਨ੍ਰਿਤ (ਝੂਠ). ਸਤ੍ਯ ਅਸਤ੍ਯ। ੨. ਵਣਿਜ ਵਪਾਰ, ਜਿਸ ਵਿੱਚ ਸੱਚ ਝੂਠ ਮਿਲੇ ਰਹਿਂਦੇ ਹਨ.


ਸੰ. ऋतु. ਸੰਗ੍ਯਾ- ਰੁੱਤ. ਮੌਸਮ. ਭਾਰਤ ਦੇ ਵਿਦ੍ਵਾਨਾਂ ਨੇ ਦੋ ਦੋ ਮਹੀਨਿਆਂ ਦੀਆਂ ਵਰ੍ਹੇ ਵਿੱਚ ਛੀ ਰੁੱਤਾਂ ਮੰਨੀਆਂ ਹਨ-#ਬਸੰਤ- ਵਸੰਤ (ਚੇਤ- ਵਸਾਖ) ਚੈਤ੍ਰ- ਵੈਸ਼ਾਖ.#ਗ੍ਰੀਖਮ- ਗ੍ਰੀਸਮ (ਜੇਠ- ਹਾੜ) ਜੈਸ੍ਟਯ੍- ਆਸਾਢ.#ਬਰਖਾ- ਵਸਾ (ਸਾਉਣ- ਭਾਦੋਂ) ਸ਼੍ਰਾਵਣ- ਭਾਦ੍ਰਪਦ.#ਸਰਦ- ਸ਼ਰਦ (ਅੱਸੂ- ਕੱਤਕ) ਆਸ਼੍ਚਿਨ- ਕਾਰ੍‌ਤਿਕ.#ਹਿਮ- ਹੇਮੰਤ (ਮੱਘਰ- ਪੋਹ) ਮਾਰ੍‍ਗਸ਼ੀਰ੍ਸ- ਪੌਸ.#ਸਿਸਰ- ਸ਼ਿਸ਼ਿਰ (ਮਾਘ- ਫੱਗੁਣ) ਮਾਘ- ਫਾਲਗੁਨ. ਦੇਖੋ, ਖਟਰਿਤੁ। ੨. ਛੀ ਸੰਖ੍ਯਾ ਬੋਧਕ, ਕਿਉਂਕਿ ਰੁੱਤ" ਛੀ ਹਨ। ੩. ਇਸਤ੍ਰੀ ਨੂੰ ਰਜ ਆਉਣ ਪਿੱਛੋਂ ਉਹ ਸਮਾਂ, ਜਦ ਉਹ ਗਰਭ ਧਾਰਣ ਯੋਗ੍ਯ ਹੁੰਦੀ ਹੈ. ਗਰਭ ਧਾਰਣ ਦੀ ਰੁੱਤ। ੪. ਲੋਕਾਂ ਵਿੱਚ ਹੈਜ਼ ਦਾ ਨਾਮ ਭੀ ਰਿਤੁ ਪ੍ਰਸਿੱਧ ਹੋ ਗਿਆ ਹੈ। ੫. ਚਮਕ. ਰੌਸ਼ਨੀ.


ऋतुचर्या. ਕਿਸ ਰੁੱਤ ਵਿੱਚ ਕੀ ਕਰਨਾ ਚਾਹੀਏ, ਕੇਹੜੀ ਚੀਜ ਖਾਣੀ ਅਤੇ ਕੇਹੜੀ ਨਾ ਖਾਣੀ ਯੋਗ੍ਯ ਹੈ, ਇਤਿਆਦਿ ਜਿਸ ਗ੍ਰੰਥ ਵਿੱਚ ਵਰਣਨ ਹੋਵੇ. ਇਸ ਨਾਮ ਦੇ ਅਨੇਕ ਪੁਸ੍ਤਕ ਵਿਦ੍ਵਾਨਾਂ ਨੇ ਲਿਖੇ ਹਨ। ੨. ਰੁੱਤਾਂ ਅਨੁਸਾਰ ਵਰਨਣ ਦੀ ਕ੍ਰਿਯਾ. "ਯੋਗਰਤਨਾਕਰ" ਦੇ ਰਿਤੁਚਰਯਾ ਪ੍ਰਕਰਣ ਵਿੱਚ ਲਿਖਿਆ ਹੈ-#ਵਸੰਤ ਵਿੱਚ ਕਯ (ਉਲਟੀ) ਕਰਨੀ ਅਤੇ ਹਰੜ ਦਾ ਸ਼ਹਦ ਨਾਲ ਸੇਵਨ ਕਰਕੇ ਮੇਦੇ ਦੀ ਸਫਾਈ ਕਰਨੀ ਚਾਹੀਏ, ਵਟਣਾ ਮਲਣਾ, ਕਸਰਤ ਕਰਨੀ, ਚੰਦਨ ਕੇਸਰ ਅਗਰ ਦਾ ਲੇਪ ਕਰਨਾ ਗੁਣਕਾਰੀ ਹੈ. ਕਣਕ ਚਾਉਲ ਮੂੰਗੀ ਜੰਗਲੀ ਜੀਵਾਂ ਦਾ ਮਾਸ ਖਾਣਾ ਉੱਤਮ ਹੈ. ਬਹੁਤ ਮਿੱਠਾ ਅਤੇ ਖੱਟਾਂ ਭਾਰੀ ਅਤੇ ਲੇਸਲੀਆਂ ਚੀਜਾਂ ਦਾ ਖਾਣਾ, ਦਿਨ ਨੂੰ ਸੌਣਾ ਤ੍ਯਾਗਣਾ ਚਾਹੀਏ.#ਗ੍ਰੀਖਮ ਵਿੱਚ ਸਰਦ ਤਰ ਹਲਕੀਆਂ ਚੀਜਾਂ, ਮਿਸ਼ਰੀ ਸੱਤੂ ਦੁੱਧ ਜੰਗਲੀ ਪੰਛੀਆਂ ਦਾ ਸ਼ੋਰਵਾ ਚਾਉਲ ਖਾਣੇ ਚਾਹੀਏ. ਸੂਰਜ ਦੀ ਧੁੱਪ ਨਾਲ ਤਪਿਆ ਜਲ ਜੋ ਰਾਤ ਨੂੰ ਚੰਦ੍ਰਮਾ ਦੀ ਕਿਰਨਾਂ ਲੱਗਕੇ ਠੰਢਾ ਹੋਗਿਆ ਹੈ, ਪੀਣਾ ਉੱਤਮ ਹੈ. ਚੰਦ੍ਰਮਾ ਦੀ ਚਾਂਦਨੀ ਵਿੱਚ ਬੈਠਣਾ ਦਿਨ ਨੂੰ ਸੌਣਾ ਲਾਭਦਾਇਕ ਹੈ. ਚੰਦਨ ਦਾ ਲੇਪ ਅਤੇ ਚੰਦਨ ਦਾ ਸ਼ਰਬਤ ਪੀਣਾ ਗੁਣਕਾਰੀ ਹੈ. ਧੁੱਪੇ ਫਿਰਨਾ, ਥਕੇਵੇ ਦਾ ਕੰਮ ਕਰਨਾ ਕੌੜੀਆਂ ਤਿੱਖੀਆਂ ਚੀਜਾਂ ਦਾ ਖਾਣਾ ਦੁਖਦਾਈ ਹੈ.#ਵਰਖਾ ਵਿੱਚ ਮਿੱਠਾ ਖੱਟਾ ਨਮਕੀਨ ਅਤੇ ਕੌੜਾ ਰਸ ਸੇਵਨ ਕਰਨਾ, ਮਾਲਿਸ਼ ਕਰਨੀ, ਖੂਹ ਦਾ ਸੱਜਰਾ ਜਾਂ ਮੀਂਹ ਦਾ ਨਿਰਮਲ ਪਾਣੀ ਪੀਣਾ, ਕਣਕ ਜੌ ਆਦਿ ਅੰਨ ਖਾਣੇ ਉੱਤਮ ਹਨ. ਦਿਨ ਨੂੰ ਸੌਣਾ, ਨਦੀਆਂ ਦਾ ਪਾਣੀ ਪੀਣਾ, ਰੁੱਖੀਆਂ ਚੀਜਾਂ ਖਾਣੀਆਂ, ਧੁੱਪੇ ਫਿਰਨਾ, ਦੁਰਗੰਧ ਵਾਲੇ ਥਾਂ ਬੈਠਣਾ ਦੁਖਦਾਈ ਹੈ.#ਸਰਦ ਵਿੱਚ ਘੀ ਦੁੱਖ ਕਸੈਲੀਆਂ ਅਤੇ ਚਰਪਰੀਆਂ ਚੀਜਾਂ ਖਾਣੀਆਂ, ਗੰਨੇ ਚੂਪਣੇ, ਜੰਗਲੀ ਜੀਵਾਂ ਦਾ ਮਾਸ ਖਾਣਾ, ਕਣਕ ਜੌਂ ਮੂੰਗੀ ਚਾਉਲ ਆਦਿ ਅੰਨ ਵਰਤਣੇ, ਚਸ਼ਮਿਆਂ ਦਾ ਜਲ ਪੀਣਾ, ਚਾਂਦਨੀ ਵਿੱਚ ਬੈਠਣਾ, ਜਲਕ੍ਰੀੜਾ ਕਰਨੀ, ਪਿੱਤ ਖਾਰਿਜ ਕਰਨ ਵਾਲੇ ਪਦਾਰਥ ਸੇਵਨ ਕਰਨੇ ਲਾਭਦਾਇਕ ਹੈ. ਕੌੜਾ ਖੱਟਾ ਤਿੱਖਾ ਖਾਣਾ ਪੀਣਾ, ਦਿਨੇ ਸੌਣਾ ਧੁੱਪੇ ਫਿਰਨਾ ਦੁਖਦਾਈ ਹੈ.#ਹੇਮੰਤ ਅਤੇ ਸ਼ਿਸ਼ਿਰ ਵਿੱਚ ਸਵੇਰੇ ਭੋਜਨ ਕਰਨਾ, ਕਸਰਤ ਕਰਨੀ, ਕਣਕ ਮਾਂਹ ਮਾਸ ਤਿਲ ਕਸਤੂਰੀ ਕੇਸਰ ਆਦਿ ਖਾਣੇ, ਮਾਲਿਸ਼ ਕਰਨੀ, ਗਰਮ ਜਲ ਨਾਲ ਨ੍ਹਾਉਣਾ, ਧੁੱਪ ਅਤੇ ਅੱਗ ਦਾ ਸੇਵਨ ਕਰਨਾ, ਗਰਮ ਵਸਤ੍ਰ ਪਹਿਰਨੇ ਸੁਖਦਾਈ ਹਨ.#ਇਨ੍ਹਾਂ ਰੁੱਤਾਂ ਵਿੱਚ ਮੈਥੁਨ ਸੰਬੰਧੀ ਜੋ ਹਦਾਇਤ ਹੈ, ਉਸ ਲਈ ਦੇਖੋ, ਮੈਥੁਨ ਸ਼ਬਦ.


ਦੇਖੋ, ਰਿਤੁਪਤਿ.