ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਹੀਨਤਾ ਵਾਲਾ (ਵਾਲੀ). ਤੁੱਛ. ਘੀਆ. "ਹੀਨੜੀ ਜਾਤਿ ਮੇਰੀ." (ਭੈਰ ਨਾਮਦੇਵ)


ਵਿ- ਦੇਖੋ, ਹੀਨ. "ਸਭ ਊਤਮ ਕਿਸੁ ਆਖਉ ਹੀਨਾ?" (ਬਸੰ ਅਃ ਮਃ ੧) ਕਿਸ ਨੂੰ ਨੀਚ ਕਹਾਂ। ੨. ਕ੍ਸ਼ੀਣ. ਕਮਜ਼ੋਰ. "ਨੈਨੀ ਦ੍ਰਿਸਟਿ ਨਹੀ, ਤਨੁ ਹੀਨਾ." (ਭੈਰ ਮਃ ੧)


ਸਿਆਲ ਜਾਤਿ ਦੇ ਰਾਜਪੂਤ ਚੂਚਕ ਦੀ, ਮਲਕੀ ਦੇ ਉਦਰ ਤੋਂ ਪੈਦਾ ਹੋਈ ਇੱਕ ਕੰਨ੍ਯਾ, ਜੋ ਚਨਾਬ (ਝਨਾਂ) ਦੇ ਕਿਨਾਰੇ ਝੰਗ ਨਗਰ ਦੀ ਵਸਨੀਕ ਸੀ.¹ ਚਾਹੋ ਇਸ ਦਾ ਵਿਆਹ ਰੰਗਪੁਰ (ਜਿਲਾ ਮੁਜੱਫਰਗੜ੍ਹ) ਨਿਵਾਸੀ ਖੇੜੇ ਜਾਤਿ ਦੇ ਸੈਦੇ ਨਾਮਕ ਜੱਟ ਨਾਲ ਮਾਪਿਆਂ ਨੇ ਕਰ ਦਿੱਤਾ ਸੀ, ਪਰ ਇਸ ਦਾ ਪ੍ਰੇਮਭਾਵ ਤਖਤ ਹਜਾਰੇ ਦੇ ਵਸਨੀਕ ਮੌਜੂ² ਦੇ ਪੁਤ੍ਰ ਰਾਂਝੇ ਨਾਲ ਸੀ. ਇਸ ਦੀ ਕਥਾ ਅਨੇਕ ਪੰਜਾਬੀ ਕਵੀਆਂ ਨੇ ਉੱਤਮ ਰੀਤਿ ਨਾਲ ਲਿਖੀ ਹੈ, ਹੀਰ ਦਾ ਦੇਹਾਂਤ ਰਾਂਝੇ ਦਾ ਮਰਨਾ ਸੁਣਕੇ ਸੰਮਤ ੧੫੧੦ ਵਿੱਚ ਹੋਇਆ. ਇਸ ਦੀ ਕਬਰ ਝੰਗ ਤੋਂ ਅੱਧ ਕੋਹ ਤੇ ਹੈ, ਜਿਸ ਥਾਂ ਅਨੇਕ ਲੋਕ ਦੁੱਧ ਚੜ੍ਹਾਉਂਦੇ ਹਨ. "ਰਾਂਝਾ ਹੀਰ ਬਖਾਣੀਐ ਓਹ ਪਿਰਮ ਪਿਰਾਤੀ." (ਭਾਗੁ)#ਦਸਮਗ੍ਰੰਥ ਵਿੱਚ ਜਿਕਰ ਹੈ ਕਿ ਹੀਰ ਮੇਨਕਾ ਅਪਸਰਾ ਅਤੇ ਰਾਂਝਾ ਇੰਦ੍ਰ ਸੀ. "ਰਾਂਝਾ ਭਯੋ ਸੁਰੇਸ ਤਹਿਂ, ਭਈ ਮੇਨਕਾ ਹੀਰ। ਯਾ ਜਗ ਮੇ ਗਾਵਤ ਸਦਾ ਸਭ ਕਵਿਕੁਲ ਜਸ ਧੀਰ." (ਚਰਿਤ੍ਰ ੯੮) ਦੇਖੋ, ਰਾਂਝਾ। ੨. ਦਸ਼ਮੇਸ਼ ਦੇ ਦਰਬਾਰ ਦਾ ਇੱਕ ਕਵਿ, ਜਿਸ ਨੂੰ ਗੁਰੂ ਸਾਹਿਬ ਨੇ ਹੇਠ ਲਿਖਿਆ ਕਬਿੱਤ ਸੁਣਕੇ ਇਤਨਾ ਦਾਨ ਬਖਸ਼ਿਆ ਕਿ ਉਹ ਸਾਰੀ ਉਮਰ ਕਿਸੇ ਅੱਗੇ ਹੱਥ ਪਸਾਰਣ ਜੋਗਾ ਨਾ ਰਹਿਆ.#ਪਾਸ ਠਾਢੋ ਝਗਰਤ ਝੁਕਤ ਦਰੇਰੈ ਮੋਹਿ#ਬਾਤ ਨ ਕਰਨ ਪਾਊਂ ਮਹਾਂ ਬਲੀ ਬੀਰ ਸੋਂ,#ਐਸੋ ਅਰਿ ਬਿਕਟ ਨਿਕਟ ਬਸੈ ਨਿਸਦਿਨ#ਨਿਪਟ ਨਿਸ਼ੰਕ ਸਠ ਘੇਰੈ ਫੇਰ ਭੀਰ ਸੋਂ,#ਦਾਰਦਿ ਕੁਪੂਤ! ਤੇਰੋ ਮਰਨ ਬਨ੍ਯੋ ਹੈ ਆਜ#ਕਰਕੈ ਸਲਾਮ ਵਿਦਾ ਹੂਜੈ ਕਬਿ ਹੀਰ ਸੋਂ,#ਨਾਤਰੁ ਗੋਬਿੰਦ ਸਿੰਘ ਵਿਕਲ ਕਰੈਂਗੇ ਤੋਹਿ#ਟੂਕ ਟੂਕ ਹ੍ਵੈ ਹੈਂ ਗਾਢੇ ਦਾਨਨ ਕੇ ਤੀਰ ਸੋਂ. ੩. ਸੰ. ਹੀਰਾ. ਵਜ੍ਰ. "ਗੁਰਿ ਮਿਲੀਐ ਹੀਰ ਪਰਾਖਾ." (ਜੈਤ ਮਃ ੪) ੪. ਸ਼ਿਵ। ੫. ਸ਼ੇਰ। ੬. ਅਹੀਰ (ਅਭੀਰ) ਦਾ ਸੰਖੇਪ. "ਆਏ ਸਭ ਬ੍ਰਿਜ ਹੀਰ." (ਕ੍ਰਿਸਨਾਵ) ੭. ਇੱਕ ਛੰਦ, ਜਿਸ ਦੀ 'ਹੀਰਕ' ਸੰਗ੍ਯਾ ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ, ਦੋ ਵਿਸ਼੍ਰਾਮ ਛੀ ਛੀ ਮਾਤ੍ਰਾ ਪੁਰ, ਤੀਜਾ ਗਿਆਰਾਂ ਪੁਰ, ਹਰੇਕ ਚਰਣ ਦੇ ਆਦਿ ਦਾ ਅੱਖਰ ਗੁਰੁ ਅੰਤ ਰਗਣ #ਉਦਾਹਰਣ-#ਸਤ੍ਯ ਰਹਿਤ, ਪਾਪ ਗ੍ਰਹਿਤ, ਕ੍ਰੁੱਧ ਚਹਿਤ ਜਾਨਿਯੇ,#ਧਰ੍‍ਮ ਹੀਨ, ਅੰਗ ਛੀਨ, ਕ੍ਰੋਧ ਪੀਨ ਮਾਨਿਯੇ. xxx (ਕਲਕੀ)#(ਅ) ਗਣ ਛੰਦ ਹੀਰ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ਭ ਸ ਨ ਜ ਨ ਰ , , , , , .#ਉਦਾਹਰਣ-#ਸ਼੍ਰੀ ਗੁਰੁ ਧਰ ਹੀ ਚਰਨ ਰਿਦੇ ਨਰ ਦੁਖ ਕੇ ਹਰੀ,#ਹੋਤ ਨ ਭਵ ਮੇ ਭ੍ਰਮਣ ਸਦਾ ਰਹਿ ਮੁਦ ਕੋ ਧਰੀ. xxx 8. ਫ਼ਾ. [ہیر] ਅਗਨੀ. ਆਤਿਸ਼.


ਸੰ. ਸੰਗ੍ਯਾ- ਹੀਰਾ. ਵਜ੍ਰ। ੨. ਦੇਖੋ, ਹੀਰ ੭.


ਸੁਰਸਿੰਘ ਪਿੰਡ (ਜਿਲਾ ਲਹੌਰ) ਵਿੱਚ ਅਬਦੁੱਲੇ ਮੋਚੀ ਦੇ ਘਰ ਸੰਮਤ ੧੮੬੭ ਵਿੱਚ ਹੀਰਾ ਜਨਮਿਆ, ਜੋ ਮਹਾਤਮਾ ਸ਼ਰਣਦਾਸ ਉਦਾਸੀ ਸਾਧੂ ਦੀ ਸੰਗਤਿ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤਮ ਧਰਮ ਦਾ ਪ੍ਰੇਮੀ ਹੋਇਆ ਅਰ ਨਾਉਂ, ਹੀਰਾ ਦਾਸ ਰੱਖਿਆ ਗਿਆ. ਮਹਾਰਾਜਾ ਰਣਜੀਤ ਸਿੰਘ ਦੇ ਅਹਿਦ ਵਿੱਚ ਇਸ ਨੇ "ਗੰਡੀ ਵਿੰਡ" ਪਿੰਡ (ਤਸੀਲ ਤਰਨਤਾਰਨ) ਵਿੱਚ ਇੱਕ ਵੱਡਾ ਡੇਰਾ ਬਣਾਇਆ ਅਤੇ ਲੰਗਰ ਜਾਰੀ ਕੀਤਾ. ਇਸ ਦਾ ਦੇਹਾਂਤ ਸੰਮਤ ੧੯੩੬ ਵਿੱਚ ਹੋਇਆ ਹੈ. ਹੀਰਾ ਦਾਸ ਦੀ ਸੰਪ੍ਰਦਾਯ ਦੇ ਹੀਰਾਦਾਸੀਏ ਅਖਾਉਂਦੇ ਹਨ. ਹੀਰਾਦਾਸ ਦੀ ਗੱਦੀ ਤੇ ਮਹੰਤ ਸੰਤ ਸਿੰਘ ਬੈਠਾ, ਜਿਸ ਦਾ ਦੇਹਾਂਤ ਸੰਮਤ ੧੯੫੩ ਵਿੱਚ ਹੋਇਆ.


ਦੇਖੋ, ਹੀਰ ਅਤੇ ਹੀਰਕ. "ਹੀਰਾ ਨਾਮੁ ਜਵੇਹਰ ਲਾਲੁ." (ਆਸਾ ਅਃ ਮਃ ੧) ੨. ਕਰਤਾਰ ਵਾਸਤੇ ਭੀ ਹੀਰਾ ਸ਼ਬਦ ਆਇਆ ਹੈ ਭਾਵ ਅਰਥ ਹੈ ਕਿ ਜੋ ਉੱਤਮ ਰਤਨ ਰੂਪ ਹੈ ਅਤੇ ਜਿਸ ਤੇ ਕਿਸੇ ਰੰਗ ਦਾ ਅਸਰ ਨਹੀਂ ਹੁੰਦਾ, ਅਰ ਉਸ ਦੀ ਚਮਕ ਸਭ ਉੱਪਰ ਪੈਂਦੀ ਹੈ. "ਹੀਰੇ ਕਰਉ ਅਦੇਸ." (ਰਾਮ ਕਬੀਰ) ੩. ਜੀਵਾਤਮਾ. "ਹੀਰੈ ਹੀਰਾ ਬੇਧਿ." (ਆਸਾ ਕਬੀਰ) ੪. ਉੱਤਮ ਪੁਰਖ ਭੀ ਹੀਰਾ ਕਹਿਆ ਜਾਂਦਾ ਹੈ। ੫. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਵਡਾ ਬਹਾਦੁਰ ਸੀ, ਇਸ ਨੇ ਅਮ੍ਰਿਤਸਰ ਦੇ ਜੰਗ ਵਿੱਚ ਘੋਰ ਯੁੱਧ ਕੀਤਾ। ੬. ਸੰ. हीरा ਲਕ੍ਸ਼੍‍ਮੀ। ੭. ਕੀੜੀ। ੮. ਹੀਅਰਾ ਦਾ ਸੰਖੇਪ.


ਫੂਲਵੰਸ਼ੀ ਸਰਦਾਰ ਸੁੱਖਾ ਸਿੰਘ ਜੀ ਰਈਸ ਬਡਰੁੱਖਾਂ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ੬. ਪੋਹ ਸੰਮਤ ੧੯੦੦ (ਸਨ ੧੮੪੩) ਨੂੰ ਮਾਈ ਰਾਜ ਕੌਰ (ਸਰਦਾਰ ਬਸਾਵਾ ਸਿੰਘ ਜੀ ਬੋੜਾਵਾਲੀਏ ਦੀ ਸੁਪੁਤ੍ਰੀ) ਦੇ ਉਦਰ ਤੋਂ ਬਡਰੁੱਖੀਂ ਹੋਇਆ. ਰਾਜਾ ਭਗਵਾਨ ਸਿੰਘ ਨਾਭਾਪਤਿ ਦੇ ਔਲਾਦ ਨਾ ਹੋਣ ਕਾਰਣ ਇਹ ਭਾਦੋਂ ਸੁਦੀ ੧੦. ਸੰਮਤ ੧੯੨੮ (੧੦ ਅਗਸਤ ਸਨ ੧੮੭੧) ਨੂੰ ਨਾਭੇ ਦੀ ਰਾਜਗੱਦੀ ਤੇ ਬੈਠੇ.#ਮਹਾਰਾਜਾ ਹੀਰਾ ਸਿੰਘ ਜੀ ਨੇ ਜਿਸ ਯੋਗ੍ਯ ਰੀਤਿ ਨਾਲ ਰਾਜ ਦਾ ਪ੍ਰਬੰਧ ਕੀਤਾ ਅਤੇ ਪ੍ਰਜਾ ਨੂੰ ਸੁਖ ਦਿੱਤਾ, ਉਹ ਦੂਜੇ ਰਾਜਿਆਂ ਲਈ ਉਦਾਹਰਣ ਰੂਪ ਹੋਣਾ ਚਾਹੀਏ. ਆਪ ਦਾ ਵਿਦ੍ਯਾ ਨਾਲ ਅਪਾਰ ਪ੍ਰੇਮ ਸੀ. ਰਿਆਸਤ ਵਿੱਚ ਅਨੇਕ ਸਕੂਲ ਖੋਲੇ੍ਹ, ਵਿਦ੍ਯਾਰਥੀਆਂ ਨੂੰ ਬਹੁਤ ਵਜ਼ੀਫੇ ਦਿੱਤੇ. ਮਕਾਲਿਫ ਸਾਹਿਬ ਨੂੰ "ਸਿੱਖ ਰੀਲੀਜਨ" ਕਿਤਾਬ ਲਿਖਣ ਲਈ ਭਾਰੀ ਸਹਾਇਤਾ ਦਿੱਤੀ ਅਤੇ ਖਾਲਸਾ ਕਾਲਿਜ ਨੂੰ ਪੱਕੇ ਪੈਰੀਂ ਕੀਤਾ.#ਖਾਸ ਰਾਜਧਾਨੀ ਅਤੇ ਇਲਾਕੇ ਵਿੱਚ ਲੱਖਾਂ ਰੁਪਯੇ ਖਰਚ ਕੇ ਆਲੀਸ਼ਾਨ ਇਮਾਰਤਾਂ ਬਣਵਾਈਆਂ ਅਤੇ ਫੌਜ ਨੂੰ ਯੋਗ੍ਯ ਬਣਾਉਣ ਲਈ ਬੇਅੰਤ ਧਨ ਖਰਚਿਆ.#ਮਹਾਰਾਜਾ ਹੀਰਾ ਸਿੰਘ ਜੀ ਦੇ ਜਾਤੀ ਖਰਚ ਬਹੁਤ ਹੀ ਘੱਟ ਸਨ, ਉਹ ਰਿਆਸਤ ਦੇ ਖਜ਼ਾਨੇ ਨੂੰ ਪ੍ਰਜਾ ਦੀ ਇਮਾਨਤ ਸਮਝਦੇ ਸਨ. ਇਨਸਾਫ ਲਈ ਨਿੱਤ ਸਮਾਂ ਦਿੰਦੇ ਅਤੇ ਉਨ੍ਹਾਂ ਦੇ ਦਰਬਾਰ ਵਿੱਚ ਬਿਨਾ ਰੋਕ ਟੋਕ ਹਰੇਕ ਆਦਮੀ ਪਹੁੰਚ ਸਕਦਾ ਸੀ.#ਆਪ ਦੇ ਘਰ ਰਾਣੀ ਸਾਹਿਬਾ ਪਰਮੇਸ਼੍ਵਰ ਕੌਰਿ ਰੱਲੇ ਵਾਲਿਆਂ ਦੇ ਉੱਦਰ ਤੋਂ ੭. ਮਾਘ ਸੰਮਤ ੧੯੩੯ (੧੮ ਜਨਵਰੀ ਸਨ ੧੮੮੩) ਨੂੰ ਬੀਬੀ ਰਿਪੁਦਮਨ ਕੌਰ ਜੀ,¹ ਅਤੇ ਰਾਣੀ ਸਾਹਿਬਾ ਜਸਮੇਰ ਕੌਰ ਲੌਂਗੋਵਾਲ ਵਾਲਿਆਂ ਦੇ ਉਦਰ ਤੋਂ ੨੨ ਫੱਗੁਣ ਸੰਮਤ ੧੯੩੯ (੪ ਮਾਰਚ ਸਨ ੧੮੮੩) ਨੂੰ ਟਿੱਕਾ ਰਿਪੁਦਮਨ ਸਿੰਘ ਜੀ ਪੈਦਾ ਹੋਏ.#ਸਨ ੧੮੮੯ ਵਿੱਚ ਜੀ. ਸੀ. ਐਸ. ਆਈ ਸਨ ੧੯੦੩ ਵਿੱਚ ਜੀ. ਸੀ. ਆਈ. ਈ. ਅਤੇ ਸਨ ੧੯੧੧ ਦੇ ਦਿੱਲੀ ਦਰਬਾਰ ਵਿੱਚ ਮੌਰੂਸੀ "ਮਹਾਰਾਜਾ" ਪਦਵੀ ਮਿਲੀ.#੧੧ ਪੋਹ ਸੰਮਤ ੧੯੬੮ (੨੫ ਦਿਸੰਬਰ ਸਨ ੧੯੧੧) ਨੂੰ ਵੈਰਾੜਵੰਸ਼ ਸਿਰਮੌਰ ਮਹਾਰਾਜਾ ਸਰ ਹੀਰਾ ਸਿੰਘ ਰਾਜਰਿਖੀ ਜੀ ਦਾ ਦੇਹਾਂਤ ਨਾਭੇ ਹੋਇਆ.