ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਜੀਵਣ। ੨. ਜ਼ਿੰਦਗੀ. "ਜੀਵਨਸੁਖੁ ਸਭੁ ਸਾਧ ਸੰਗਿ." (ਬਿਲਾ ਮਃ ੫) ੩. ਜਲ. "ਦੇ ਜੀਵਨ ਜੀਵਨ ਸੁਖਕਾਰੀ." (ਗੁਪ੍ਰਸੂ) ੪. ਉਪਜੀਵਿਕਾ. ਗੁਜ਼ਾਰਾ। ੫. ਪਵਨ। ੬. ਘੀ. ਘ੍ਰਿਤ। ੭. ਕਰਤਾਰ. ਵਾਹਗੁਰੂ। ੮. ਪੁਤ੍ਰ। ੯. ਦੇਖੋ, ਅਜੂਬਾ। ੧੦. ਭਾਈ ਭਗਤੂ ਦਾ ਛੋਟਾ ਪੁਤ੍ਰ, ਜੋ ਗੁਰੂ ਹਰਿਰਾਇ ਸਾਹਿਬ ਦੀ ਸੇਵਾ ਵਿੱਚ ਹ਼ਾਜਿਰ ਰਿਹਾ. ਇਸ ਦਾ ਦੇਹਾਂਤ ਕੀਰਤਪੁਰ ਹੋਇਆ. ਇਸ ਦਾ ਪੁਤ੍ਰ ਸੰਤਦਾਸ ਸੀ, ਜਿਸ ਦੀ ਔਲਾਦ ਹੁਣ ਭੁੱਚੋ, ਭਾਈ ਦੇ ਚੱਕ ਆਦਿ ਵਿੱਚ ਵਸਦੀ ਹੈ.#ਸੰਤਦਾਸ ਦੇ ਪੁਤ੍ਰ- ਰਾਮਸਿੰਘ, ਫਤੇਸਿੰਘ, ਬਖਤੂਸਿੰਘ, ਤਖਤੂਸਿੰਘ ਨੇ ਦਮਦਮੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ ਸੀ. ਦੇਖੋ, ਭਗਤੂ.


ਇਹ ਵਡਾ ਬਹਾਦੁਰ ਯੋਧਾ ਸੀ. ਜਦ ਆਨੰਦਪੁਰ ਛੱਡਕੇ ਦਸ਼ਮੇਸ਼ ਚਮਕੌਰ ਵੱਲ ਆਏ ਸਨ, ਤਦ ਇਹ ਰਸਤੇ ਵਿੱਚ ਬਾਬਾ ਅਜੀਤ ਸਿੰਘ ਜੀ ਨਾਲ ਮਿਲਕੇ, ਤੁਰਕਾਂ ਨਾਲ ਜੰਗ ਕਰਦਾ ਸ਼ਹੀਦ ਹੋਇਆ. ਇਸ ਦਾ ਸ਼ਹੀਦਗੰਜ ਚਮਕੌਰ ਹੈ.


ਸੰਗ੍ਯਾ- ਜੀਵਨ ਦੀ ਯੁਕਤਿ. ਜਿਉਣ ਦਾ ਢੰਗ। ੨. ਜੀਵਾਂ ਦੀ ਦਸ਼ਾ। ੩. ਵਿ- ਜੀਵਾਂ ਦੀ ਗਤਿ ਕਰਨ ਵਾਲਾ. "ਜੀਵਨਗਤਿ ਸੁਆਮੀ ਅੰਤਰਜਾਮੀ." (ਆਸਾ ਛੰਤ ਮਃ ੫)