ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਫਲ. "ਆਕਾਸੇ ਫਰੁ ਫਰਿਆ." (ਰਾਮ ਕਬੀਰ) ਦਸ਼ਮਦ੍ਵਾਰ ਵਿੱਚ ਪ੍ਰਾਣਾਯਾਮ ਦਾ ਫਲ ਫਲਿਆ. "ਪੁਤ੍ਰ ਪੌਤ੍ਰ ਤਿਨਕੇ ਨਹਿ ਫਰੈਂ." (ਵਿਚਿਤ੍ਰ) ੨. ਫ਼ਾ. [فر] ਫ਼ਰ. ਪਰ. ਪੰਖ. "ਬਿਨ ਫਰ ਸਰ ਮਰੀਚਕੇ ਮਾਰਾ." (ਨਾਪ੍ਰ) ੩. ਸ਼ਾਨਸ਼ੌਕਤ. ਦਬ- ਦਬਾ। ੪. ਸ਼ਸਤ੍ਰ ਦੀ ਨੋਕ, ਤਲਵਾਰ ਦਾ ਪਿਪਲਾ. ਤੀਰ ਦੀ ਮੁਖੀ. "ਸ੍ਰੌਨ ਕੀ ਧਾਰ ਛੁਟੀ ਸੁ ਲਗੇ ਸਰ ਕੇ ਫਰ ਨੈ." (ਚੰਡੀ ੧) ੫. ਦੇਖੋ, ਫੜ.
ਅ਼. [فرعون] ਫ਼ਿਰਊ਼ਨ. Pharaoh. ਮਿਸਰ ਦੇ ਅਨੇਕ ਬਾਦਸ਼ਾਹ ਇਸ ਨਾਮ ਦੇ ਹੋਏ ਹਨ. ਇਹ ਨਾਮ ਭੀ "ਜਨਕ" ਦੀ ਤਰਾਂ ਰਾਜਗੱਦੀ ਦੀ ਅੱਲ (ਉਪਾਧੀ) ਸੀ, ਪਰ ਸਭ ਤੋਂ ਪ੍ਰਸਿੱਧ ਫ਼ਿਰਊਨ ਉਹ ਹੈ, ਜੋ ਮੂਸਾ ਦੇ ਸਮੇਂ ਹੋਇਆ ਹੈ ਅਰ ਇਸਰਾਈਲ ਵੰਸ਼ ਉੱਪਰ (ਜਿਸ ਵਿੱਚ ਮੂਸਾ ਭੀ ਸੀ), ਬਹੁਤ ਜੁਲਮ ਅਤੇ ਖ਼ੁਦਾਈ ਦਾ ਦਾਵਾ ਕਰਦਾ ਸੀ. ਇੱਕ ਵਾਰ ਕਰਤਾਰ ਦੇ ਭਾਣੇ ਅੰਦਰ ਮਿਸਰੀ ਲੋਕਾਂ ਦੇ ਘਰ ਪਲੇਗ ਪੈ ਗਈ. ਮੂਸਾ ਨੇ ਆਪਣੀ ਕੌਮ ਨੂੰ ਨਾਲ ਲੈਕੇ ਮਿਸਰ ਛੱਡਣ ਦੇ ਇਰਾਦੇ ਨਾਲ ਕੂਚ ਕੀਤਾ. ਜਦ ਕੁਝ ਦੂਰ ਮੂਸਾ ਚਲਾ ਗਿਆ. ਤਾਂ ਫਿਰਊਨ ਨੇ ਫੌਜ ਲੈਕੇ ਪਿੱਛਾ ਕੀਤਾ. ਮੂਸਾ ਆਪਣੀ ਕੌਮ ਸਮੇਤ ਰੱਤੇ ਸਾਗਰ (Rez Sea) ਤੋਂ ਪਾਰ ਹੋ ਗਿਆ ਅਤੇ ਫਿਰਊਨ ਕਰਤਾਰ ਦੇ ਹੁਕਮ ਨਾਲ ਲਸ਼ਕਰ ਸਮੇਤ ਸਮੁੰਦਰ ਵਿੱਚ ਗਰਕ ਹੋ ਗਿਆ. ਇਸ ਫਿਰਊਨ ਦਾ ਅਸਲ ਨਾਮ ਵਲੀਦ ਬਿਨ ਮੁਸਅ਼ਬ ਸੀ।¹ ੨. ਮਗਰਮੱਛ. ਘੜਿਆਲ. ਨਿਹੰਗ। ੩. ਵਿ- ਬਦਲਾ ਲੈਣ ਵਾਲਾ। ੪. ਅਭਿਮਾਨੀ. ਅਹੰਕਾਰੀ.
ਫ਼ਾ. [فرش] ਫ਼ਰਸ਼. ਸੰਗ੍ਯਾ- ਵਿਛਾਈ ਦਾ ਵਸਤ੍ਰ. ਵਿਛਾਉਣਾ। ੨. ਅ਼. [فرس] ਫ਼ਰਸ. ਘੋੜਾ.
ਫ਼ਾ. [فرستادن] ਫ਼ਰਿਸਤਾਦਨ. ਕ੍ਰਿ- ਭੇਜਣਾ.
ਫ਼ਾ. [فرستادہ] ਫ਼ਰਿਸਤਾਦਹ. ਵਿ- ਭੇਜਿਆ ਹੋਇਆ. "ਖੁਦਾਇ ਦੇ ਫਰਸਤਾਦ ਆਏ ਹੈਨ." (ਜਸਭਾਮ)
ਸੰਗ੍ਯਾ- ਪਰਸ਼ੁ. ਕੁਹਾੜਾ. ਤਬਰ.