ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮਾਛੀਵਾੜਾ (ਜਿਲਾ ਲੁਦਿਆਨਾ) ਦਾ ਵਸਨੀਕ ਇੱਕ ਖਤ੍ਰੀ ਸਿੱਖ, ਜੋ ਮਸੰਦੀ ਤ੍ਯਾਗਕੇ ਕਿਰਤ ਕਰਦਾ ਸੀ. ਚਮਕੌਰ ਦੇ ਕਿਲੇ ਤੋਂ ਚਲਕੇ ਦਸ਼ਮੇਸ਼ ਇਸ ਦੇ ਘਰ ਸੰਮਤ ੧੭੬੧ ਵਿੱਚ ਠਹਿਰੇ. ਉੱਚਪੀਰ ਦਾ ਲਿਬਾਸ ਇਸੇ ਦੇ ਘਰ ਪਹਿਰਿਆ ਸੀ. ਦੇਖੋ, ਮਾਛੀਵਾੜਾ.


ਦੇਖੋ, ਗੁਲਅੱਬਾਸ. ਅੱਬਾਸ ਦਾ ਫੁੱਲ. ਅੱਬਾਸ ਦਾ ਪੌਧਾ, ਜਿਸ ਨੂੰ ਗਰਮੀ ਅਤੇ ਬਰਸਾਤ ਦੀ ਮੌਸਮ ਲਾਲ ਅਤੇ ਪੀਲੇ ਫੁੱਲ ਲਗਦੇ ਹਨ.


ਇਹ ਤਮਾਖੂ ਵੇਚਣਵਾਲਾ ਇੱਕ ਬਾਣੀਆਂ ਸੀ. ਬਹਾਦੁਰਸ਼ਾਹ ਵੇਲੇ ਜਦ ਸਿੰਘਾਂ ਦੀ ਧਰਮਵੀਰਤਾ ਵੇਖੀ, ਤਾਂ ਖ਼ਾਲਸਾਦਲ ਨਾਲ ਮਿਲ ਗਿਆ. ਇਸ ਨੇ ਲੋਹਗੜ੍ਹ ਦੇ ਕਿਲੇ ਬੰਦੇ ਬਹਾਦੁਰ ਦੀ ਪੋਸ਼ਾਕ ਪਹਿਨਕੇ ਵੈਰੀਆਂ ਨੂੰ ਧੋਖਾ ਦਿੱਤਾ, ਜਿਸ ਤੋਂ ਬੰਦਾਬਹਾਦੁਰ ਸਹੀ ਸਲਾਮਤ ਪਹਾੜਾਂ ਵੱਲ ਚਲਾ ਗਿਆ. ਗੁਲਾਬੂ ਲੋਹੇ ਦੇ ਪਿੰਜਰੇ ਪਾਕੇ ਦਿੱਲੀ ਭੇਜਿਆ ਗਿਆ ਅਤੇ ਕਈ ਵਰ੍ਹੇ ਕੈਦ ਰਿਹਾ. ਜਦ ਬੰਦਾਬਹਾਦੁਰ ਕੈਦ ਹੋ ਕੇ ਦਿੱਲੀ ਪਹੁੰਚਿਆ ਤਾਂ ਉਸ ਦੇ ਸਾਹਮਣੇ ਗੁਲਾਬੂ ਕਤਲ ਕੀਤਾ ਗਿਆ.


ਅ਼. [غُلام] ਗ਼ੁਲਾਮ. ਸੰਗ੍ਯਾ- ਲੁੱਟ ਵਿੱਚ ਹੱਥ ਆਇਆ ਜਾਂ ਮੁੱਲ ਲਿਆ ਹੋਇਆ ਸੇਵਕ.¹ ਗੋੱਲਾ. ਪੁਰਾਣੇ ਸਮੇਂ ਯੁੱਧ ਵਿੱਚੋਂ ਵੈਰੀ ਦੇ ਫੜੇ ਹੋਏ ਆਦਮੀਆਂ ਨੂੰ ਜਾਨੋ ਨਹੀਂ ਮਾਰਦੇ ਸਨ. ਸਗੋਂ ਕਾਬੂ ਕਰਕੇ ਕੈਦ ਕਰ ਲੈਂਦੇ ਸਨ. ਕੁਝ ਚਿਰ ਮਗਰੋਂ ਜਾਂਤਾਂ ਇਨ੍ਹਾਂ ਤੋਂ ਕਰੜੀ ਮਿਹਨਤ ਦੇ ਕੰਮ ਕਰਾਉਂਦੇ, ਜਾਂ ਡੰਗਰਾਂ ਵਾਂਙ ਵੇਚ ਛਡਦੇ. ਇਸ ਤਰਾਂ ਖਰੀਦੇ ਜਾਂ ਫੜੇ ਹੋਏ ਮਨੁੱਖ ਨੂੰ ਗ਼ੁਲਾਮ ਕਿਹਾ ਜਾਂਦਾ ਸੀ.²#ਅਸਲ ਵਿੱਚ ਗ਼ੁਲਾਮ ਉਸ ਨੂੰ ਆਖਦੇ ਸਨ ਜੋ ਪਸ਼ੂ ਸਮਾਨ ਕਿਸੇ ਹੋਰ ਮਨੁੱਖ ਦੀ ਮਾਲਕੀਅਤ ਹੁੰਦਾ ਸੀ, ਅਰ ਸਭ ਤਰਾਂ ਆਪਣੇ ਮਾਲਿਕ ਦੇ ਅਧੀਨ ਹੁੰਦਾ ਹੋਇਆ ਆਪਣੀ ਇੱਛਾ ਅਨੁਸਾਰ ਕੋਈ ਕੰਮ ਭੀ ਕਰਨ ਦੇ ਸਮਰਥ ਨਹੀਂ ਸੀ.#ਭਾਵੇਂ ਭਾਰਤ ਵਿੱਚ ਭੀ ਕਦੇ ਗੁਲਾਮੀ ਪ੍ਰਚਲਿਤ ਸੀ, ਪਰ ਇਸ ਦਾ ਪੂਰਾ ਜੋਰ ਪਹਿਲਾਂ ਉਨ੍ਹਾਂ ਦੇਸ਼ਾਂ ਵਿੱਚ ਰਿਹਾ ਹੈ ਜਿੱਥੇ ਹੁਣ ਕੁਝ ਸਦੀਆਂ ਤੋਂ ਇਸਲਾਮੀ ਕੌਮਾਂ ਆਬਾਦ ਹਨ. ਇਨ੍ਹਾਂ ਤਬਕਿਆਂ ਵਿੱਚ ਗੁਲਾਮੀ ਮੁਹ਼ੰਮਦ ਸਾਹਿਬ ਦੇ ਜਨਮ ਤੋਂ ਬਹੁਤ ਵਰ੍ਹੇ ਪਹਿਲਾਂ ਤੋਂ ਚਲੀ ਆਉਂਦੀ ਸੀ, ਇਨ੍ਹਾਂ ਦੇਸ਼ਾਂ ਤੋਂ ਹੀ ਇਹ ਯੂਰਪ ਵਿੱਚ ਫੈਲੀ, ਅਰ ਅੰਤ ਨੂੰ ਅਮਰੀਕਾ ਵਿੱਚ ਤਕੜੇ ਪੈਰ ਜਮਾਕੇ ਸਨ ੧੮੬੫ ਵਿੱਚ ਸਦਾ ਲਈ ਸਭ੍ਯ ਦੇਸ਼ਾਂ ਤੋਂ ਲੋਪ ਹੋ ਗਈ. ਗੁਲਾਮੀ ਦਾ ਇਤਿਹਾਸ ਨਰਕ ਵਿੱਚ ਬਿਲਕਦੇ ਜੀਵਾਂ ਦਾ ਕਥਾ ਤੋਂ ਭੀ ਜਾਦਾ ਦੁਖਦਾਈ ਕਿਹਾ ਜਾਵੇ, ਤਾਂ ਅਯੋਗ ਨਹੀਂ, ਦੇਖੋ, Ingram ਕ੍ਰਿਤ History of Slavery and Serfdom (1895).


ਵਿ- ਅਹ਼ਮਦ (ਮੁਹ਼ੰਮਦ) ਦਾ ਗ਼ੁਲਾਮ (ਦਾਸ). ੨. ਸੰਗ੍ਯਾ- ਕਾਦੀਆਂ ਨਿਵਾਸੀ ਮਿਰਜ਼ਾ ਗ਼ੁਲਾਮ ਮੁਰਤਜਾ ਦੇ ਘਰ ਚਰਾਗ਼ਬੀਬੀ ਦੇ ਪੇਟੋਂ ਸਨ ੧੮੩੬ ਵਿੱਚ ਮਿਰਜ਼ਾ ਗੁਲਾਮਅਹਮਦ ਦਾ ਜਨਮ ਹੋਇਆ. ਇਸ ਨੇ ਆਪਣੇ ਤਾਈਂ ਮਹਦੀ ਦੱਸਕੇ ਪ੍ਰਗਟ ਕੀਤਾ ਕਿ ਜਿਸ ਪੈਗੰਬਰ ਦਾ ਆਉਣਾ ਹਦੀਸਾਂ ਵਿੱਚ ਲਿਖਿਆ ਹੈ ਅਤੇ ਕੁਰਾਨ ਸ਼ਰੀਫ ਦੀ ਸੂਰਤ ਜਮੀਅ਼ਦੀ ਆਯਤ ਤਿੰਨ ਅਤੇ ਚਾਰ ਵਿੱਚ ਇਸ਼ਾਰਾ ਹੈ, ਉਹ ਮੈਂ ਹੀ ਹਾਂ. ਕਿਤਨੇ ਮੁਸਲਮਾਨ ਇਸ ਦੇ ਪੈਰੋ ਹੋ ਗਏ ਅਤੇ ਬਹੁਤਿਆਂ ਨੇ ਇਸ ਦਾ ਵਿਰੋਧ ਕੀਤਾ. ਮਿਰਜਾ ਜੀ ਨੇ ਆਪਣੇ ਮਤ ਦਾ ਨਾਉਂ ਅਹਮਦੀ ਰੱਖਿਆ, ਜੋ ਦੋ ਅਰਥ ਬੋਧਕ ਹੈ. ਅਹਮਦ ਨਾਉਂ ਮੁਹ਼ੰਮਦ ਸਾਹਿਬ ਦਾ ਅਤੇ ਮਿਰਜਾ ਜੀ ਦਾ ਆਪਣਾ ਨਾਉਂ ਭੀ ਹੈ. ੮. ਮਈ ਸਨ ੧੯੦੮ ਨੂੰ ਇਸ ਆਗੂ ਦਾ ਦੇਹਾਂਤ ਕਾਦੀਆਂ ਵਿੱਚ ਹੋਇਆ.#ਮਿਰਜਾ ਜੀ ਪਿੱਛੋਂ ਹਕੀਮ ਨੂਰੁੱਦੀਨ ਖ਼ਲੀਫ਼ਾ ਮੰਨਿਆ ਗਿਆ. ਉਸ ਪਿੱਛੋਂ ਮਿਰਜਾ ਜੀ ਦਾ ਪੁਤ੍ਰ ਮਿਰਜ਼ਾ ਮਹਮੂਦ ਅਹਮਦ ਹੁਣ ਅਹਮਦੀ ਫਿਰਕੇ ਦਾ ਖ਼ਲੀਫ਼ਾ ਹੈ.


ਸੰਗ੍ਯਾ- ਗੁਲਾਮਪੁਣਾ. ਦਾਸਤ੍ਵ. ਦੇਖੇ, ਗੁਲਾਮ.


ਸੰਗ੍ਯਾ- ਗੁਲ ਲਾਲਹ. ਗੁਲਦੁਪਹਿਰੀ ਦਾ ਫੁੱਲ।੨ ਵਿ- ਗੁਲ ਲਾਲਹ ਰੰਗਾ. "ਮੇਰੇ ਲਾਲਨ ਲਾਲ ਗੁਲਾਰੇ." (ਨਟ ਅਃ ਮਃ ੪)


ਦੇਖੋ, ਗੁਲ ਲਾਲਾ। ੨. ਸੰਗ੍ਯਾ- ਗੁਲ ਲਾਲਹ ਦੇ ਰੰਗ ਦਾ ਸੰਘਾੜੇ ਆਦਿਕ ਦਾ ਰੰਗੀਨ ਆਟਾ, ਜੋ ਹੋਲੀ ਅਤੇ ਵਿਆਹ ਆਦਿਕ ਸਮੇਂ ਵਰਤੀਦਾ ਹੈ. "ਫਾਗੁਨ ਮੇ ਸਖੀ ਡਾਰ ਗੁਲਾਲ ਸਭੈ ਹਰਿ ਸੇ ਬਨ ਬੀਚ ਰਮੈ." (ਕ੍ਰਿਸਨਾਵ) ੩. ਵਿ- ਗੁਲ ਲਾਲਹ ਜੇਹਾ ਸੁਰਖ਼। ੪. ਦੇਖੋ, ਗੁਲਾਲੁ.