ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕੋਕਿਲਾ. ਕੋਇਲ. ਇਹ ਖ਼ਿਆਲ ਹੈ ਕਿ ਕੋਕਿਲਾ ਦੇ ਅੰਡਿਆਂ ਨੂੰ ਕਾਂਉਂ ਸੇਵਨ ਕਰਕੇ ਬੱਚੇ ਕਢਦਾ ਹੈ.


ਸੰ. ਸੰਗ੍ਯਾ- ਹਿੰਦੂਮਤ ਅਨੁਸਾਰ ਸ਼੍ਰਾੱਧ ਆਦਿਕ ਕਰਮਾਂ ਵਿੱਚ ਕਾਂਉ ਨੂੰ ਅਰਪਣ ਕੀਤਾ ਅੰਨ.


ਸੰ काकभुशुण्डि ਭੁਸ਼ੁੰਡਿ ਨਾਮਕ ਇੱਕ ਬ੍ਰਾਹਮਣ, ਜੋ ਲੋਮਸ਼ ਰਿਖਿ ਦੇ ਸ੍ਰਾਪ ਕਰਕੇ ਕਾਂਉਂ ਹੋਗਿਆ, ਅਤੇ ਚਿਰਜੀਵੀ ਹੋਕੇ ਰਿਖੀਆਂ ਨੂੰ ਕਥਾ ਸੁਣਾਉਂਦਾ ਦੱਸਿਆ ਹੈ. "ਕਾਕਭੁਸੁੰਡਿ ਤੇ ਆਦਿ ਰਿਖੀਸ੍ਵਰ." (ਨਾਪ੍ਰ) "ਬਹੁ ਬਿਹੰਗ ਹੈਂ ਅਨਗਨ ਜਹਿਂਵਾ। ਕਾਕਭਸੁੰਡ ਵਿਰਾਜੈ ਤਹਿਂਵਾ ॥" (ਨਾਪ੍ਰ)


ਫ਼ਾ. [قاقم] ਕ਼ਾਕ਼ੁਮ. ਸੰਗ੍ਯਾ- ਸੰਬੂਰ ਅਤੇ ਉਸ ਦੀ ਖਲੜੀ. ਸੰਬੂਰ ਦੀ ਖਲੜੀ ਬਹੁਤ ਨਰਮ ਅਤੇ ਗਰਮ ਹੁੰਦੀ ਹੈ, ਜੋ ਅਮੀਰਾਂ ਦੀ ਪੋਸ਼ਾਕ ਲਈ ਵਰਤੀ ਜਾਂਦੀ ਹੈ. "ਅਤਲਸ ਜਰੀ ਕਾਕਮ." (ਸਲੋਹ)


ਸੰ. ਕਰ੍‍ਕਟੀ. ਸੰਗ੍ਯਾ- ਕੱਕੜੀ. ਖੱਖੜੀ.


ਸੰਗ੍ਯਾ- ਅਣਪੱਕਿਆ ਬੇਰ। ੨. ਓਲਾ. ਗੜਾ, ਬੇਰ ਜੇਹਾ ਹੈ ਆਕਾਰ ਜਿਸ ਦਾ। ੩. ਦੁਰਗਾ. ਦੇਵੀ, ਜੋ ਕਾਕਲੀ (ਮਿੱਠੇ ਸੁਰ) ਵਾਲੀ ਹੈ.


ਕਿਸ ਦਾ. ਕਾਂਕਾ. "ਕਹਹੁ ਕੋਊ ਹੈ ਕਾਕਾ?" (ਧਨਾ ਕਬੀਰ) ੨. ਸੰਗ੍ਯਾ- ਬਾਲਕ। ੩. ਪੁਤ੍ਰ। ੪. ਡਿੰਗ ਅਤੇ ਸਿੰਧੀ. ਕਾਕੋ. ਚਾਚਾ। ੫. ਕਾਕੋਲੀ ਦਵਾ। ੬. ਲਾਲੜੀ. ਘੁੰਘਚੀ।੭ ਮਕੋਯ.; ਦੇਖੋ, ਕਾਖ.