ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. तुर्य्या- ਤੁਰ੍‍ਯਾ. ਸੰਗ੍ਯਾ- ਚੌਥੀ ਅਵਸਥਾ. ਉਹ ਹਾਲਤ, ਜੋ ਜਾਗ੍ਰਤ ਸ੍ਵਪਨ ਸੁਖੁਪਤਿ ਤੋਂ ਪਰੇ ਹੈ. ਅਰਥਾਤ- ਗ੍ਯਾਨਦਸ਼ਾ. "ਤੁਰੀਆ ਸੁਖ ਪਾਇਆ." (ਵਾਰ ਗੂਜ ੧. ਮਃ ੩) "ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ." (ਗਉ ਥਿਤੀ ਮਃ ੫)


ਸੰਗ੍ਯਾ- ਗ੍ਯਾਨ ਦੀ ਹ਼ਾਲਤ਼ ਗ਼੍ਯਾਨ ਅਵਸਥਾ. ਦੇਖੋ, ਤੁਰੀਆ. "ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣ ਹੈ ਗੁਰਮੁਖਿ ਲਹੀਆ." (ਬਿਲਾ ਅਃ ਮਃ ੪) "ਤੁਰੀਆਵਸਥਾ ਗੁਰਮੁਖਿ ਪਾਈਐ ਸੰਤਸਭਾ ਕੀ ਓਟ ਲਹੀ." (ਆਸਾ ਮਃ ੧)


ਸੰ. ਵਿ- ਚੌਥਾ. ਚਤੁਰਥ. ਤੁਰ੍‍ਯ। ੨. ਪਾਰਬ੍ਰਹਮ, ਜੋ ਵਿਸ੍ਟ, ਤੈਜਸ ਅਤੇ ਪ੍ਰਾਗ੍ਯ ਤੋਂ ਪਰੇ ਹੈ। ੩. ਦੇਖੋ, ਤੁਰੀਆਪਦ। ੪. ਵੈਖਰੀ ਵਾਣੀ ਜੋ ਚੌਥੀ ਹੈ. ਦੇਖੋ, ਚਾਰ ਬਾਣੀਆਂ.


ਤੁਰਗ ਦਾ ਬਹੁਵਚਨ. ਘੋੜੇ. "ਤੁਰੇ ਪਲਾਣੇ ਪੌਣਵੇਗ." (ਵਾਰ ਆਸਾ)


ਵਿ- ਚਾਲਾਕ ਘੋੜੇ. ਤੁਰ (ਛੇਤੀ) ਗਮਨ ਕਰਨ ਵਾਲੇ ਤੁਰੇ. "ਤੁਰੇ ਤੁਰੰਗ ਨਚਾਵੈ." (ਭੈਰ ਨਾਮਦੇਵ)


ਸਰਵ- ਤੇਰੇ. ਤਵ. "ਕਾਨ੍ਹ! ਤੁਰੈ ਤਨ ਛੂਵਤ ਹੀ." (ਕ੍ਰਿਸਨਾਵ) ੨. ਤੁਰਦਾ ਹੈ.


ਸੰ. तुरङ्ग. ਸੰਗ੍ਯਾ- ਛੇਤੀ ਤੁਰਨ ਵਾਲਾ, ਘੋੜਾ. ਵੇਗ ਨਾਲ ਜਾਣ ਵਾਲਾ ਹੋਣ ਕਰਕੇ ਘੋੜੇ ਦੀ ਤੁਰੰਗ ਸੰਗ੍ਯਾ ਹੈ. "ਕੋਟਿ ਤੁਰੰਗ ਕੁਰੰਗ ਸੇ ਕੂਦਤ." (ਅਕਾਲ) ੨. ਮਨ. ਚਿੱਤ। ੩. ਗਰੁੜ। ੪. ਫ਼ਾ. [تُرنگ] ਜੇਲ. ਕ਼ੈਦਖ਼ਾਨਾ। ੫. ਧਨੁਖ ਦਾ ਟੰਕਾਰ. ਤੀਰ ਚਲਾਉਣ ਸਮੇਂ ਚਿੱਲੇ ਦੀ ਧੁਨਿ.


ਸੰਗ੍ਯਾ- ਘੋੜਿਆਂ ਦੀ ਸੈਨਾ. ਰਸਾਲਾ. (ਸਨਾਮਾ) ੨. ਤੁਰੰਗੀ. ਘੋੜੀ.