ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮਾਰਗ. ਰਸਤਾ. "ਸੰਤ ਕੀ ਗੈਲ ਨ ਛੋਡੀਐ." (ਸ. ਕਬੀਰ) ੨. ਪਿੱਛਾ. ਤਾਕੁਬ. "ਊਹਾ ਗੈਲ ਨ ਛੋਰੀ." (ਸਾਰ ਮਃ ੫) ੩. ਰੀਸ. ਪੈਰਵੀ. "ਉਨ ਕੀ ਗੈਲਿ ਤੋਹਿ ਜਿਨ ਲਾਗੈ." (ਆਸਾ ਕਬੀਰ)


ਸੰਗ੍ਯਾ- ਗਜਵਰ. ਗਯਵਰ. ਉੱਤਮ ਹਸ੍ਤੀ. "ਕਨਿਕ ਕਾਮਿਨੀ ਹੈਵਰ ਗੈਵਰ." (ਸੋਰ ਅਃ ਮਃ ੫) "ਹੈਵਰ ਗੈਵਰ ਬਹੁ ਰੰਗੇ." (ਸ੍ਰੀ ਮਃ ੫) ਸਿੰਧੀ. ਗਁਯਰੁ.


ਦੇਖੋ, ਗੈਬਾਨ.


ਸੰ. गण्डक ਗੰਡਕ. ਸੰਗ੍ਯਾ- ਖੜਗ. ਨੱਕ ਪੁਰ ਸਿੰਗ ਰੱਖਣ ਵਾਲਾ ਜੰਗਲੀ ਭੈਂਸੇ ਜੇਹਾ ਪਸ਼ੁ Rhinoceros. "ਗੈਂਡਾ ਮਾਰਿ ਹੋਮ ਜਗੁ ਕੀਏ ਦੇਵਤਿਆ ਕੀ ਬਾਣੇ." (ਵਾਰ ਮਲਾ ਮਃ ੧) ਗੈਂਡੇ ਦੇ ਚਮੜੇ ਦੀ ਢਾਲ ਪੁਰਾਣੇ ਜ਼ਮਾਨੇ ਬਹੁਤ ਵਰਤੀ ਜਾਂਦੀ ਸੀ, ਜੋ ਤੀਰ ਅਤੇ ਤਲਵਾਰ ਦੇ ਘਾਉ ਤੋਂ ਰਖ੍ਯਾ ਕਰਦੀ ਸੀ. ਹਿੰਦੂਮਤ ਵਿੱਚ ਗੈਂਡੇ ਦੇ ਸਿੰਗ ਦਾ ਅਰਘਾ ਦੇਵਤਾ ਅਤੇ ਪਿਤਰਾਂ ਨੂੰ ਜਲ ਦੇਣ ਲਈ ਬਹੁਤ ਪਵਿਤ੍ਰ ਮੰਨਿਆ ਹੈ। ੨. ਭਾਈ ਭਗਤੂਵੰਸ਼ੀ ਦੇਸੂ ਦਾ ਪੁਤ੍ਰ। ੩. ਚਾਹਲ ਗੋਤ ਦਾ ਇੱਕ ਸੁਲਤਾਨੀਆਂ ਜੱਟ, ਜੋ ਭਿੱਖੀ ਪਿੰਡ (ਰਾਜ ਪਟਿਆਲਾ) ਦਾ ਵਸਨੀਕ ਸੀ. ਇਸ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਸਿੱਖ ਕੀਤਾ ਅਤੇ ਪੰਜ ਤੀਰ ਬਖ਼ਸ਼ੇ.