ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [کاریگری] ਸੰਗ੍ਯਾ- ਕਾਰਜ ਦੇ ਕਰਨ ਦੀ ਵਿਦ੍ਯਾ. ਹੁਨਰਮੰਦੀ.


ਸੰ. ਸੰਗ੍ਯਾ- ਕਾਰੀਗਰ. ਹੱਥ ਨਾਲ ਕੰਮ ਕਰਨ ਵਾਲਾ। ੨. ਦੇਖੋ, ਕਾਰ.


ਅ਼. [قاروُرہ] ਸੰਗ੍ਯਾ- ਸ਼ੀਸ਼ੀ. ਬੋਤਲ। ੨. ਮੂਤ੍ਰ. ਸ਼ੀਸ਼ੀ ਵਿੱਚ ਪਾਕੇ ਵੈਦ ਪਾਸ ਲੈ ਜਾਣ ਕਰਕੇ ਪੇਸ਼ਾਬ ਦੀ ਇਹ ਸੰਗ੍ਯਾ ਹੋਈ ਹੈ.


ਅ਼. [قاروُں] ਕ਼ਾਰੂੰ. Korah. ਇਸਰਾਈਲ ਵੰਸ਼ੀ ਯਸ਼ਰ (Izhar) ਦਾ ਪੁਤ੍ਰ, ਜੋ ਮਿਸਰ ਵਿੱਚ ਵਡਾ ਧਨੀ ਅਤੇ ਕੰਜੂਸਾਂ ਦਾ ਸਰਤਾਜ ਸੀ. ਇਸ ਦਾ ਜਿਕਰ ਕੁਰਾਨ ਵਿੱਚ ਭੀ ਆਇਆ ਹੈ. ਦੇਖੋ, ਕ਼ੁਰਾਨ ਸੂਰਤ ੨੯, ਆਯਤ ੩੮ ਅਤੇ ਸੂਰਤ ੨੮, ਆਯਤ ੭੬- ੮੨. ਇਹ ਮੂਸਾ ਦੇ ਚਾਚੇ ਦਾ ਪੁਤ੍ਰ ਸੀ.#ਯਹੂਦੀਆਂ ਦੇ ਗ੍ਰੰਥ Talmud ਵਿੱਚ ਲਿਖਿਆ ਹੈ ਕਿ ਕ਼ਾਰੂੰ ਦਾ ਖ਼ਜ਼ਾਨਿਆਂ ਦੀਆਂ ਕੁੰਜੀਆਂ ੩੦੦ ਖੱਚਰਾਂ ਦਾ ਬੋਝ ਸੀ. ਇਹ ਧਨ ਦੇ ਮਦ ਵਿੱਚ ਆਕੇ ਹਜਰਤ ਮੂਸਾ ਦੇ ਹੁਕਮਾਂ ਦੀ ਤਾਮੀਲ ਨਹੀਂ ਕਰਦਾ ਸੀ ਅਤੇ ਜ਼ਕਾਤ ਨਹੀਂ ਦਿੰਦਾ ਸੀ. ਮੂਸਾ ਦੇ ਸ੍ਰਾਪ ਨਾਲ ਕਾਰੂੰ ਖ਼ਜ਼ਾਨਿਆਂ ਸਮੇਤ ਜ਼ਮੀਨ ਵਿੱਚ ਗਰਕ ਹੋ ਗਿਆ.¹#ਭਾਈ ਸੰਤੋਖ ਸਿੰਘ ਆਦਿ ਅਨੇਕ ਇਤਿਹਾਸ ਲੇਖਕਾਂ ਨੇ ਕਾਰੂੰ ਨੂੰ ਰੂਮ ਦਾ ਬਾਦਸ਼ਾਹ ਲਿਖਕੇ ਭੁੱਲ ਕੀਤੀ ਹੈ, ਯਥਾ-#"ਰੂਮ ਵਲਾਇਤ ਜਹਾਂ ਮਹਾਨਾ।#ਪਾਤਸ਼ਾਹ ਕਾਰੂੰ ਤਿਹ ਥਾਨਾ। x x#ਤਿਨ ਕੋ ਸੁਖ ਦੇਨੇ ਕੇ ਹੇਤਾ।#ਪੁਰ ਪ੍ਰਵਿਸ਼ੇ ਵੇਦੀਕੁਲਕੇਤਾ।#ਕਾਰੂੰ ਕੇਰ ਦੁਰਗ ਜਹਿਂ ਭਾਰੀ।#ਤਿਸ ਕੇ ਬੈਠੇ ਜਾਇ ਅਗਾਰੀ।" x x#(ਨਾਪ੍ਰ. ਉੱਤਰਾਰਧ, ਅਃ ੧੬)#"ਨਸੀਹਤਨਾਮਾ" ਕਾਰੂੰ ਦੇ ਹੀ ਪਰਥਾਇ ਉਚਾਰਣਾ ਲਿਖਿਆ ਹੈ, ਯਥਾ-#"ਸੁਨ ਸ੍ਰੀ ਨਾਨਕ ਗਿਰਾ ਉਚਾਰੀ।#ਦੇਨ ਨਸੀਹਤ ਸਭ ਸੁਖ ਕਾਰੀ।#ਤਿਲੰਗ ਮਹਲਾ ੧#ਕੀਚੈ ਨੇਕਨਾਮੀ ਜੋ ਦੇਵੈ ਖੁਦਾਇ।#ਜੋ ਦੀਸੈ ਜ਼ਿਮੀ ਪਰ ਸੋ ਹੋਸੀ ਫ਼ਨਾਇ। x x#ਚਾਲੀ ਗੰਜ ਜੋੜੇ ਨ ਰਖਿਓ ਈਮਾਨ।#ਦੇਖੋ ਰੇ ਕਾਰੂੰ! ਜੁ ਹੋਤੇ ਪਰੇਸਾਨ।" x x#(ਨਾਪ੍ਰ ਉ. ਅਃ ੧੬)#ਸ਼੍ਰੀ ਗੁਰੂ ਨਾਨਕ ਦੇਵ ਜੀ ਜਿਸ ਸਮੇਂ ਰੂਮ ਵਲਾਇਤ ਗਏ ਹਨ, ਉਸ ਵੇਲੇ ਤਖ਼ਤ ਤੇ ਸੁਲਤਾਨ ਸਲੀਮਖ਼ਾਨ ਅੱਵਲ ਸੀ.


ਕੰਮ ਵਿੱਚ. ਕਾਮ ਮੇ। ੨. ਕਾਲੇ. ਸਿਆਹ. "ਕਾਰੇ ਊਭੇ ਜੰਤ." (ਸ. ਕਬੀਰ) ਸਿਆਹ ਲਿਬਾਸ ਵਾਲੇ ਚੋਰ ਉਠ ਖੜੇ ਹਏ. ਅੰਧੇਰੀ ਰਾਤ ਵਿੱਚ ਸਿਆਹ ਵਸਤ੍ਰ ਪਹਿਰਣ ਤੋਂ ਚੋਰ ਨਜਰ ਨਹੀਂ ਪੈਂਦਾ.


ਕਾਰਜ ਮੇਂ. ਕੰਮ ਵਿੱਚ। ੨. ਸੇਵਾ ਵਿੱਚ. "ਗੁਰਿ ਕਾਰੈ ਲਾਈਆ." (ਵਾਰ ਸੋਰ ਮਃ ੪)


ਵਿ- ਕਾਲਾ। ੨. ਦੇਖੋ, ਕਾਰਾ.