ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗੋਲੀ. ਗੋਲਿਕਾ. "ਛੁਟੈ ਬਾਣ ਗੋਰੀ." (ਵਿਚਿਤ੍ਰ) ੨. ਗੌਰੀ. ਦੁਰਗਾ. ਪਾਰਵਤੀ। ੩. ਵਿ- ਗੋਰੇ ਰੰਗ ਵਾਲੀ. ਭਾਵ- ਸੁੰਦਰ ਇਸਤ੍ਰੀ. ਭਾਰਯਾ. ਵਹੁਟੀ. "ਗੋਰੀ ਸੇਤੀ ਤੁਟੈ ਭਤਾਰ." (ਵਾਰ ਮਾਝ ਮਃ ੧) "ਛੈਲ ਲਘੰਦੇ ਪਾਰਿ ਗੋਰੀ ਮਨੁ ਧੀਰਿਆ." (ਆਸਾ ਫਰੀਦ) ਇਸ ਥਾਂ ਛੈਲ ਬ੍ਰਹਮਵੇੱਤਾ ਅਤੇ ਗੋਰੀ ਜਿਗ੍ਯਾਸੂ ਹੈ। ੪. ਚਿੱਟੀ. "ਪਾਨੀ ਮੈਲਾ ਮਾਟੀ ਗੋਰੀ। ਇਸ ਮਾਟੀ ਕੀ ਪੁਤਰੀ ਜੋਰੀ." (ਗਉ ਕਬੀਰ) ਮਾ ਦੀ ਰਕਤ ਮੈਲੀ, ਪਿਤਾ ਦੀ ਵੀਰਯ ਚਿੱਟਾ। ੫. ਗ਼ੋਰ ਦਾ ਵਸਨੀਕ. ਦੇਖੋ, ਸ਼ਹਾਬੁੱਦੀਨ ਗ਼ੋਰੀ ਅਤੇ ਗੋਰ ੪। ੬. ਬਾਦਾਮੀ ਰੰਗ ਵਾਲੀ ਗਾਂ.


ਸੰਗ੍ਯਾ- ਗਾਈਆਂ ਦਾ ਵੱਗ. ਚੌਣਾ. "ਹਮ ਗੋਰੂ ਤੁਮ ਗੁਆਰ ਗੁਸਾਈ." (ਆਸਾ ਕਬੀਰ) ੨. ਡਿੰਗ. ਦੋ ਕੋਹ ਦਾ ਮਾਨ (ਮਾਪ). ਅੱਧਾ ਯੋਜਨ.


ਸੰ. ਸੰਗ੍ਯਾ- ਗਾਂ ਅਥਵਾ ਬੈਲ ਦੇ ਪਿੱਤੇ ਵਿੱਚੋਂ ਨਿਕਲਿਆ ਇੱਕ ਪਦਾਰਥ, ਜੋ ਪੀਲੇ ਰੰਗ ਦਾ ਸੁਗੰਧ ਵਾਲਾ ਹੁੰਦਾ ਹੈ. ਹਿੰਦੂਮਤ ਵਿੱਚ ਇਹ ਬਹੁਤ ਪਵਿਤ੍ਰ ਮੰਨਿਆ ਹੈ ਅਤੇ ਇਸ ਦਾ ਤਿਲਕ ਕੀਤਾ ਜਾਂਦਾ ਹੈ. ਗੋਰੋਚਨ ਦੀ ਅਸ੍ਟਗੰਧ ਵਿੱਚ ਗਿਣਤੀ ਹੈ. ਇਹ ਅਨੇਕ ਦਵਾਈਆਂ ਵਿੱਚ ਭੀ ਵਰਤੀਦਾ ਹੈ. L. Bezoar. ਕੀਮੀਆਂ ਨਾਲ ਏਹ ਬਣਾਉਟੀ ਭੀ ਬਣਾਇਆ ਜਾਂਦਾ ਹੈ.


ਖ਼ੁਰਾਸਾਨ ਦਾ ਇੱਕ ਨਗਰ.


ਭਵਿਸ਼੍ਯਤ ਪੁਰਾਣ ਵਿੱਚ ਗੁਰੰਡ, ਗੋਰਿੰਡ ਅਤੇ ਗੋਰੰਡ ਇੱਕ ਜਾਤਿ ਦੇ ਨਾਉਂ ਆਏ ਹਨ, ਜੋ ਕਲਿਜੁਗ ਵਿੱਚ ਰਾਜ ਕਰੇਗੀ. ਕਰਨਲ ਟਾਡ ਇਸ ਦਾ ਅਰਥ ਗੋਰਨਿਵਾਸੀ ਗੋਰੀ ਖ਼ਾਨਦਾਨ ਸਮਝਦਾ ਹੈ, ਜਿਸ ਵਿੱਚ ਸ਼ਹਾਬੁੱਦੀਨ ਮੁਹ਼ੰਮਦ ਗੋਰੀ ਮੁੱਖ ਹੋਇਆ ਹੈ. ਕਈ ਸਿੱਖ ਇਸ ਦਾ ਅਰਥ ਗੁਰੂ ਨਾਨਕ ਦੇਵ ਦੀ ਗੱਦੀ ਪੁਰ ਇਸਥਿਤ ਹੋਣ ਵਾਲੇ ਗੁਰੁਸੰਪ੍ਰਦਾਈ ਖ਼ਿਆਲ ਕਰਦੇ ਹਨ. ਕਿਤਨਿਆਂ ਨੇ ਯੂਰਪ ਨਿਵਾਸੀਆਂ ਨੂੰ ਗੁਰੰਡ ਕਲਪਿਆ ਹੈ.


ਸੰ. ਵਿ- ਗੋਲਾਕਾਰ. ਚਕ੍ਰ ਦੇ ਆਕਾਰ ਦਾ. ਗੇਂਦ ਦੇ ਆਕਾਰ ਦਾ। ੨. ਸੰਗ੍ਯਾ- ਗੋਲਾਕਾਰ ਫ਼ੌਜ ਦਾ ਟੋਲਾ. "ਗੋਲ ਚਮੂ ਕੋ ਸੰਗ ਲੈ." (ਗੁਪ੍ਰਸੂ) ਫ਼ਾ. [غول] ਗ਼ੋਲ। ੩. ਗੋੱਲਾ ਦਾ ਸੰਖੇਪ. ਗ਼ੁਲਾਮ. ਮੁੱਲ ਖ਼ਰੀਦਿਆ ਦਾਸ. "ਕਰ ਦੀਨੋ ਜਗਤੁ ਸਭੁ ਗੋਲ ਅਮੋਲੀ." (ਗਉ ਮਃ ੪) ਬਿਨਾ ਮੁੱਲ ਗੋੱਲਾ ਕਰ ਦਿੱਤਾ. "ਸਤਗੁਰ ਕੇ ਗੋਲ ਗੋਲੇ." (ਵਾਰ ਸੋਰ ਮਃ ੪) ਗੋਲਿਆਂ ਦੇ ਗੋਲੇ. ਦਾਸਾਨੁਦਾਸ। ੪. ਡਿੰਗ. ਗੁਸਲ. ਇਸਨਾਨ.


ਸੰ. ਸੰਗ੍ਯਾ- ਗੋਲਾਕਾਰ ਵਸਤੁ. ਗੋਲ ਪਿੰਡ। ੨. ਮਿੱਟੀ ਦਾ ਕੂੰਡਾ। ੩. ਵਿਧਵਾ ਦੇ ਉਦਰ ਤੋਂ ਜਾਰ ਦਾ ਪੁਤ੍ਰ. ਦੇਖੋ, ਪਾਰਾਸ਼ਰ ਸਿਮ੍ਰਿਤਿ ਅਃ ੪, ਸ਼. ੨੩। ੪. ਨੇਤ੍ਰ ਕੰਨ ਆਦਕਿ ਇੰਦ੍ਰੀਆਂ ਦੇ ਛਿਦ੍ਰ, ਜਿਨ੍ਹਾਂ ਵਿੱਚ ਇੰਦ੍ਰਿਯ ਨਿਵਾਸ ਕਰਦੇ ਹਨ। ੫. ਫ਼ਾ. [گولک] ਅਥਵਾ [غولک] ਨਕ਼ਦੀ ਰੱਖਣ ਦਾ ਪਾਤ੍ਰ. "ਗੁਰੂ ਕਾ ਸਿੱਖ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੇ." (ਰਹਿਤ ਭਾਈ ਦਯਾ ਸਿੰਘ) "ਗੋਲਕ ਰਾਖੇ ਨਾਹਿ ਜੋ ਛਲ ਕਾ ਕਰੈ ਵਪਾਰ." (ਤਨਾਮਾ)