ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪਾਪਾਂ ਨੂੰ. ਦੇਖੋ, ਪਾਪੜਾ.


ਵਿ- ਪਾਪ- ਆਕ੍ਰਾਂਤ. ਪਾਪ ਨਾਲ ਦਬਾਇਆ ਹੋਇਆ. "ਪਾਪਾਕ੍ਰਾਂਤ ਧਰਾ ਭਈ." (ਕਲਕੀ) ਪਾਪਾਂ ਨਾਲ ਜ਼ਮੀਨ ਦਬਾਊ ਹੋ ਗਈ। ੨. ਪਾਪ ਕਰਕੇ ਘਿਰਿਆ ਹੋਇਆ.


ਸੰ. पापात्मन्. ਵਿ- ਦੁਸ੍ਟਾਤਮਾ. ਜਿਸ ਦਾ ਮਨ ਸਦਾ ਪਾਪ ਵਿੱਚ ਰਹੇ. "ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ!" (ਸਹਸ ਮਃ ੫)


ਪਾਪ ਕਰਕੇ. ਪਾਪ ਸੇ. "ਪਾਪਿ ਲਦੇ ਪਾਪੇ ਪਾਸਾਰਾ." (ਓਅੰਕਾਰ)


ਸੰ. ਪਾਪਿਸ੍ਟ. ਵਿ- ਮਹਾ ਪਾਪੀ. ਜੋ ਸਦਾ ਪਾਪ ਕਰੇ. "ਤਿਨ ਦਾ ਦਰਸਨ ਨਾ ਕਰਹੁ ਪਾਪਿਸਟ ਹਤਿਆਰੀ." (ਵਾਰ ਸੋਰ ਮਃ ੪) "ਮਿਲਤ ਸੰਗਿ ਪਾਪਿਸਟ ਤਨ ਹੋਏ ਦੁਰਗਾਦਿ." (ਬਿਲਾ ਮਃ ੫) ਪਾਪੀ ਸ਼ਰੀਰ ਨੂੰ ਮਿਲਕੇ ਉੱਤਮ ਪਦਾਰਥ ਦੁਰਗੰਧ ਵਾਲੇ ਹੋ ਗਏ.


ਸੰ. पापिन्. ਵਿ- ਪਾਪ ਕਰਨ ਵਾਲਾ. ਦੋਸੀ. ਪਾਤਕੀ. ਅਘੀ. "ਪਾਪੀ ਹਿਐ ਮੈ ਕਾਮ ਬਸਾਇ." (ਬਸੰ ਮਃ ੯)


ਸੰ. पाप. ਸੰਗ੍ਯਾ- ਜਿਸ ਤੋਂ ਆਪਣੇ ਆਪ ਨੂੰ ਬਚਾਈਏ, ਅਜੇਹਾ ਕਰਮ. ਦੋਸ. ਗੁਨਾਹ. ਕੁਕਰਮ. "ਪਰਹਰਿ ਪਾਪੁ ਪਛਾਣੈ ਆਪ." (ਓਅੰਕਾਰ) ੨. ਵਿ- ਪਾਪੀ। ੩. ਨੀਚ। ੪. ਅਸ਼ੁਭ. ਅਮੰਗਲ.#ਮਹਾਭਾਰਤ ਵਿੱਚ ਦਸ ਮਹਾ ਪਾਪ ਲਿਖੇ ਹਨ- ਹਿੰਸਾ, ਚੋਰੀ. ਪਰਇਸਤ੍ਰੀਗਮਨ, ਝੂਠ, ਕੌੜਾ ਬੋਲ, ਚੁਗਲੀ. ਵਾਇਦੇਖਿਲਾਫੀ, ਬੁਰਾ ਚਿਤਵਣਾ, ਬੇਰਹਮੀ, ਪੁੰਨ ਦਾਨ ਆਦਿ ਕਰਕੇ ਉਸ ਦੇ ਫਲ ਦੀ ਕਾਮਨਾ ਕਰਨੀ.#ਮਨੁ ਸਿਮ੍ਰਿਤਿ ਦੇ ੧੧. ਵੇਂ ਅਧ੍ਯਾਯ ਦੇ ਸ਼ਲੋਕ ੫੪ ਵਿੱਚ ਪੰਜ ਮਹਾ ਪਾਪ ਲਿਖੇ ਹਨ- ਬ੍ਰਹਮਹਤ੍ਯਾ, ਸ਼ਰਾਬ ਪੀਣੀ, ਚੋਰੀ, ਗੁਰੂ ਦੀ ਇਸਤ੍ਰੀ ਭੋਗਣੀ, ਇਨ੍ਹਾਂ ਪਾਪੀਆਂ ਦੇ ਨਾਲ ਮੇਲ ਕਰਨਾ. ਦੇਖੋ, ਪਾਤਕ ੨.#ਗੁਰਮਤ ਵਿੱਚ ਕਰਤਾਰ ਤੋਂ ਵਿਮੁਖਤਾ, ਉੱਦਮ ਦਾ ਤਿਆਗ, ਅਤੇ ਦਿਲ ਦੁਖਾਉਣਾ, ਤਿੰਨ ਉਗ੍ਰ ਪਾਪ ਹਨ. ਰਹਿਤਨਾਮਿਆਂ ਵਿੱਚ ਮੁੰਡਨ, ਵਿਭਚਾਰ, ਤਮਾਕੂ ਦਾ ਸੇਵਨ ਅਤੇ ਕੁੱਠਾ ਖਾਣਾ ਚਾਰ ਮਹਾ ਪਾਪ ਹਨ.#ਬਾਈਬਲ ਵਿੱਚ ਸੱਤ ਪਾਪ ਲਿਖੇ ਹਨ- ਅਭਿਮਾਨ, ਵਿਭਚਾਰ, ਈਰਖਾ, ਕ੍ਰੋਧ, ਲੋਭ, ਜੀਭਰਸ (ਪੇਟਦਾਸੀਆ ਹੋਣਾ) ਅਤੇ ਆਲਸ. ਦੇਖੋ, ਸੱਤ ਕੁਕਰਮ.