ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਾਤਾਲ.


ਸੰਗ੍ਯਾ- ਪਾਤਾਲ ਵਿੱਚ ਰਹਿਣ ਵਾਲਾ ਭਗਤ. ਪਾਤਾਲ ਨਿਵਾਸੀ ਭਗਤ, ਰਾਜਾ ਬਲਿ. "ਗੁਣ ਗਾਵਹਿ ਪਾਯਾਲਿਭਗਤ." (ਸਵੈਯੇ ਮਃ ੧. ਕੇ) ੨. ਸ਼ੇਸਨਾਗ.


ਦੇਖੋ, ਪਾਇਕ.


ਸੰ. पायिन्. ਵਿ- ਪੀਣ ਵਾਲਾ। ੨. ਦੇਖੋ, ਪਾਈ.


ਪੈਰੀਂ. ਦੇਖੋ, ਪਾਈ ੬. "ਗਤਿ ਹੋਵੇ ਸੰਤਹ ਲਗਿ ਪਾਈਂ." (ਆਸਾ ਮਃ ੫)


ਸੰ. ਰਕ੍ਸ਼੍‍ਕ. ਪਹਰੇ ਵਾਲਾ. ਚੌਕੀਦਾਰ। ੨. ਗੁਦਾ, ਮੂਲਦ੍ਵਾਰ.


ਦੇਖੋ, ਪਾਅੰਦਾਜ਼.


ਸੰਗ੍ਯਾ- ਪਾੜ. ਸੰਨ੍ਹ. ਨਕ਼ਬ. "ਇਸ ਕੋ ਪਾਰ ਦਯੋ ਦਰਸਾਵੈ." (ਗੁਪ੍ਰਸੂ) ੨. ਸੰ. पार्. ਧਾ- ਸਮਾਪਤ ਕਰਨਾ, ਪੂਰਾ ਕਰਨਾ। ੩. ਸੰਗ੍ਯਾ- ਦੂਜਾ ਕਿਨਾਰਾ. ਪਰਲਾ ਕਿਨਾਰਾ. ਅਪਰ ਤਟ. "ਪਾਰ ਪਰੇ ਜਗਸਾਗਰ ਤੇ." (ਗੁਪ੍ਰਸੂ) ੪. ਅੰਤ. ਹੱਦ. "ਪਾਰ ਨ ਪਾਇ ਸਕੈ ਪਦਮਾਪਤਿ." (ਅਕਾਲ) ੫. ਕ੍ਰਿ. ਵਿ- ਪਰਲੇ ਪਾਸੇ. ਦੂਜੀ ਵੱਲ। ੬. ਦੇਖੋ, ਪਾਰਿ. ਪਾੜਕੇ. "ਉਰ ਤੇ ਪਰਦਾ ਭ੍ਰਮ ਕੋ ਸਭ ਪਾਰ." (ਗੁਪ੍ਰਸੂ) ੭. ਫ਼ਾ. [پار] ਪਿਛਲਾ ਸਾਲ. ਵੀਤਿਆ ਵਰ੍ਹਾ। ੮. ਫ਼ਾ. [پارہ] ਪਾਰਹ. ਖੰਡ ਟੁਕੜਾ. ਟੂਕ. "ਸਿਰ ਕਰਵਤ ਸਹਿ ਤਰੁ ਪਾਰ ਪਾਰ ਹੈ." (ਭਾਗੁ ਕ) ਪਾਰਹ ਪਾਰਹ ਹੁੰਦਾ ਹੈ.


ਸੰ. ਸੰਗ੍ਯਾ- ਫ਼ਾਰਸ ਦੇਸ਼. Persia ਪਾਰਸ੍ਯ ਫ਼ਾ. [پارس] ਈਰਾਨ. ਹਿੰਦੁਸਤਾਨ ਦੇ ਲਹਿਂਦੇ ਵੱਲ ਸੇਂਟ੍ਰਲ ਏਸ਼ੀਆ ਦਾ ਦੇਸ਼, ਜੋ ਟਰਕੀ Turkey ਬਲੋਚਿਸਤਾਨ ਅਤੇ ਅਫਗਾਨਿਸਤਾਨ ਕਰਕੇ ਘਿਰਿਆ ਹੋਇਆ ਹੈ. ਇਸ ਦਾ ਰਕਬਾ ੬੨੮, ੦੦੦ ਵਰਗ ਮੀਲ ਹੈ. ਆਬਾਦੀ ਇੱਕ ਕਰੋੜ 10 millions ਅਨੁਮਾਨ ਕੀਤੀ ਗਈ ਹੈ. ਰਾਜਧਾਨੀ Teheran ਹੈ. ਰਾਜ ਦਾ ਪ੍ਰਬੰਧ ਦੇਸ਼ ਦੀ ਚੁਣੀ ਹੋਈ ਮੰਡਲੀ (ਮਜਲਿਸ) ਦੇ ਹੱਥ ਹੈ. ਸ਼ਾਹ ਦਾ ਨਾਮ ਰਿਜ਼ਾਖ਼ਾਨ ਪਹਲਵੀ ਹੈ, ਜੋ ੧੬. ਦਿਸੰਬਰ ਸਨ ੧੯੨੫ ਤੋਂ ਤਖ਼ਤ ਤੇ ਬੈਠਾ ਹੈ. ੨. ਸੰ. ਸ੍‍ਪਰ੍‍ਸ਼. ਇੱਕ ਕਲਪਿਤ ਪੱਥਰ, ਜਿਸ ਦੇ ਛੁਹਣ ਤੋਂ ਲੋਹੇ ਦਾ ਸੋਨਾ ਹੋਣਾ ਮੰਨਿਆ ਜਾਂਦਾ ਹੈ. ਸ੍‍ਪਰ੍‍ਸ਼ ਮਣਿ. Philosopher’s stone "ਲੋਹਾ ਹਿਰਨ ਹੋਵੇ ਸੰਗਿ ਪਾਰਸ" (ਕਾਨ ਮਃ ੪) ੩. ਪਾਰਸਨਾਥ. (ਪਾਰ੍‍ਸ਼੍ਵਨਾਥ) ਦਾ ਸੰਖੇਪ. "ਪਾਰਸ ਕਰ ਡੰਡੌਤ ਘਰ ਆਏ." (ਪਾਰਸਾਵ)