ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਆਸਰਾ. ਦੇਖੋ, ਪਰਣਾ. "ਸਭਸੈ ਤੇਰਾ ਪਾਰਣਾ." (ਮਾਰੂ ਸੋਲਹੇ ਮਃ ੫) "ਮੀਤ ਹੀਤ ਧਨੁ ਨਹ ਪਾਰਣਾ." (ਭੈਰ ਮਃ ੫) ੨. ਪਾੜਨਾ. ਚੀਰਨਾ। ੩. ਪਾਲਣਾ. ਪਰਵਰਿਸ਼ ਕਰਨਾ.


ਸੰ. ਪਾਰ੍‍ਥ. ਸੰਗ੍ਯਾ- ਪ੍ਰਿਥਾ (ਕੁੰਤੀ) ਦਾ ਪੁਤ੍ਰ ਅਰਜੁਨ. "ਗੁਰੂ ਅਰਜਨ ਪੁਰਖ ਪ੍ਰਮਾਣ ਪਾਰਥਉ ਚਾਲੈ ਨਹੀਂ." (ਸਵੈਯੇ ਮਃ ੫. ਕੇ) ਗੁਰੂ ਅਰਜਨਦੇਵ ਯੋਧਾ, ਅਰਜੁਨ ਵਾਂਙ ਜੰਗ ਤੋਂ ਨਹੀਂ ਚਲਦੇ। ੨. ਯੁਧਿਸ੍ਟਿਰ ਅਤੇ ਭੀਮ ਭੀ ਪ੍ਰਿਥਾ (ਕੁੰਤੀ) ਦੇ ਪੁਤ੍ਰ ਹੋਣ ਤੋਂ ਪਾਰ੍‍ਥ ਕਹੇ ਜਾਂਦੇ ਹਨ, ਪਰ ਪ੍ਰਸਿੱਧ ਨਾਮ ਅਰਜੁਨ ਦਾ ਹੀ ਹੈ। ੩. ਪ੍ਰਿਥਿਵੀਪਤਿ ਰਾਜਾ.


ਸੰ. ਪਾਰ੍‌ਥਿਵ. ਵਿ- ਪ੍ਰਿਥਿਵੀ ਨਾਲ ਸੰਬੰਧ ਰੱਖਣ ਵਾਲਾ. ਪ੍ਰਿਥਿਵੀ ਦਾ। ੨. ਸੰਗ੍ਯਾ- ਰਾਜਾ. ਪ੍ਰਿਥਿਵੀਪਤਿ। ੩. ਮਿੱਟੀ ਦਾ ਭਾਂਡਾ। ੪. ਮੰਗਲ ਗ੍ਰਹ. ਭੌਮ. ਪ੍ਰਿਥਿਵੀ ਦਾ ਪੁਤ੍ਰ ਹੋਣ ਕਾਰਣ ਇਹ ਸੰਗ੍ਯਾ ਹੈ.


ਸੰ. ਪਾਰ੍‌ਥਿਵੀ. ਸੰਗ੍ਯਾ- ਪ੍ਰਿਥਿਵੀ ਤੋਂ ਪੈਦਾ ਹੋਈ ਸੀਤਾ.


ਸੰ. ਸੰਗ੍ਯਾ- ਦੁੱਖਾਂ ਤੋਂ ਪਾਰ ਦੇਣ ਵਾਲਾ. ਜਿਸ ਦੇ ਅਸਰ ਨਾਲ ਰੋਗਾਂ ਨੂੰ ਲੰਘ ਜਾਈਦਾ ਹੈ, ਪਾਰਾ. "ਮਨ ਮੂਖਕ ਬਿਲ ਬਾਸਨਾ ਪਕਰੈ ਕੌਨ ਉਪਾਯ? ਪਾਰਦ ਸ੍ਰੀ ਗੁਰੁ ਪ੍ਰੇਮ ਪਗ ਪ੍ਯਾਵੋ ਹੈ ਥਿਰ ਜਾਯ." (ਨਾਪ੍ਰ) ਪਾਰਾ ਪੀਕੇ ਚੂਹਾ ਅਚੰਚਲ ਹੋ ਜਾਂਦਾ ਹੈ.#ਭਾਵਪ੍ਰਕਾਸ਼ ਵਿੱਚ ਲਿਖਿਆ ਹੈ ਕਿ ਪਾਰੇ ਦੀ ਉਤਪੱਤੀ ਸ਼ਿਵ ਦੇ ਵੀਰਯ ਤੋਂ ਹੋਈ ਹੈ, ਇਸੇ ਲਈ ਨਾਉਂ ਸ਼ਿਵਵੀਜ, ਰੁਦ੍ਰਜ ਆਦਿ ਹਨ. ਪਾਰਦ (ਪਾਖ) ਅਨੇਕ ਰੋਗਾਂ ਵਿੱਚ ਵਰਤਿਆ ਜਾਂਦਾ ਹੈ. ਇਸ ਤੋਂ ਅਨੇਕ ਕੁਸ਼ਤੇ ਬਣਾਕੇ ਵੈਦ ਹਕੀਮ ਰੋਗਨਾਸ਼ ਅਤੇ ਬਲ ਦੇ ਵਧਾਉਣ ਲਈ ਦਿੰਦੇ ਹਨ. Hyzrargyrum ਅੰ. Mercury ੨. ਵਿ- ਪਾਰ ਦੇਣ ਵਾਲਾ. ਪਾਰ ਕਰਤਾ। ੩. ਫ਼ਾ. ਸੰਗ੍ਯਾ- ਚਿੱਚੜ.


ਸੰ. पारदर्शिन. ਅਖ਼ੀਰ ਨਤੀਜਾ ਦੇਖਣ ਵਾਲਾ. ਦੂਰੰਦੇਸ਼.


ਦੇਖੋ, ਪਾਰਦ। ੨. ਦੇਖੋ, ਪਰਦਾ. "ਹੋਇ ਕ੍ਰਿਪਾਲੁ ਗੁਰ ਲਾਹਿ ਪਾਰਦੇ." (ਸਾਰ ਮਃ ੫)


ਸੰ. ਸੰਗ੍ਯਾ- ਪਰਿਧਾਨ (ਓਟ) ਵਿੱਚ ਸ਼ਿਕਾਰ ਖੇਡਣ ਵਾਲਾ. ਟੱਟੀ ਦੀ ਆਡ ਲੈ ਕੇ ਜੀਵ ਮਾਰਨ ਵਾਲਾ ਸ਼ਿਕਾਰੀ. "ਕਹੂੰ ਪਾਰਧੀ ਜ੍ਯੋਂ ਧਰੇ ਬਾਨ ਰਾਜੇ." (ਵਿਚਿਤ੍ਰ) ੨. ਹਿੰਦੂ ਧਰਮਸ਼ਾਸਤ੍ਰ ਅਨੁਸਾਰ ਸ਼ੂਦ੍ਰਾ ਇਸਤ੍ਰੀ ਤੋਂ ਬ੍ਰਾਹਮਣ ਦਾ ਪੁਤ੍ਰ. ਦੇਖੋ, ਔਸ਼ਨਸੀ ਸਿਮ੍ਰਿਤਿ ਸ਼ਃ ੩੬.