ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਤ੍ਰਿਵੇਣੀ. ਸੰਗ੍ਯਾ- ਤਿੰਨ ਪ੍ਰਵਾਹਾਂ ਦਾ ਇਕੱਠ. ਤਿੰਨ ਨਦੀਆਂ ਦਾ ਸੰਗਮ. ਖ਼ਾਸ ਕਰਕੇ ਗੰਗਾ, ਯਮੁਨਾ ਅਤੇ ਸਰਸ੍ਵਤੀ ਦਾ ਸੰਗਮ, ਜੋ ਪ੍ਰਯਾਗ ਵਿੱਚ ਹੈ. "ਤਬ ਹੀ ਜਾਤ ਤ੍ਰਿਬੇਣੀ ਭਏ। ਪੁੰਨਦਾਨ ਦਿਨ ਕਰਤ ਬਿਤਏ." (ਵਿਚਿਤ੍ਰ) ੨. ਬੰਗਾਲ ਦੇ ਹੁਗਲੀ ਜਿਲੇ ਦਾ ਇੱਕ ਗ੍ਰਾਮ ਅਤੇ ਉੱਥੇ ਤਿੰਨ ਨਦੀਆਂ (ਗੰਗਾ, ਯਮੁਨਾ, ਸਰਸ੍ਵਤੀ) ਦਾ ਸੰਗਮ ਹੋਣ ਕਰਕੇ ਹਿੰਦੂਆਂ ਦਾ ਪ੍ਰਸਿੱਧ ਤੀਰਥ। ੩. ਤੀਜੀ ਧਾਰਾ. ਭਾਵ ਸਰਸ੍ਵਤੀ ਨਦੀ. "ਦਾਂਤ ਗੰਗਾ, ਜਮੁਨਾ ਤਨ ਸ੍ਯਾਮ, ਸੁ ਲੋਹੂ ਬਹ੍ਯੋ ਤਿਹ ਮਾਹਿ ਤ੍ਰਿਬੈਨੀ." (ਚੰਡੀ ੧) ੪. ਯੋਗਮਤ ਅਨੁਸਾਰ ਇੜਾ ਪਿੰਗਲਾ ਅਤੇ ਸੁਸੁਮਨਾ ਦਾ ਸੰਗਮ. "ਸੰਚਿ ਪਇਆਲਿ ਗਗਨਸਰ ਭਰੈ। ਜਾਇ ਤ੍ਰਿਬੇਣੀ ਮੱਜਨ ਕਰੈ." (ਰਤਨਮਾਲਾ)


ਸੰ. ਤ੍ਰਿਭੁਵਨ. ਸੰਗ੍ਯਾ- ਤਿੰਨ ਲੋਕ. ਸ੍ਵਰਗ, ਪ੍ਰਿਥਵੀ ਅਤੇ ਪਾਤਾਲ. "ਤ੍ਰਿਭਵਣ ਤਾਰਣਹਾਰ ਸੁਆਮੀ." (ਗਉ ਮਃ ੧) "ਤ੍ਰਿਭਵਣ ਮਹੀਪ." (ਜਾਪੁ) ੨. ਤ੍ਰਿਭੁਵਨਰੂਪ ਕਰਤਾਰ. "ਜਉ ਤ੍ਰਿਭਵਣ ਤਨ ਮਾਹਿ ਸਮਾਵਾ." (ਗਉ ਬਾਵਨ ਕਬੀਰ)


ਸੰਗ੍ਯਾ- ਕਰਤਾਰ. ਪਾਰਬ੍ਰਹਮ੍‍। ੨. ਸ਼ਿਵ, ਮਹਾਦੇਵ. "ਅਨਿਕ ਪਾਤਕ ਹਰਤਾ ਤ੍ਰਿਭਵਣਨਾਥ ਰੀ." (ਧਨਾ ਤ੍ਰਿਲੋਚਨ)


ਦੇਖੋ, ਤਿਭ੍ਰਵਣ.


ਸੰਗ੍ਯਾ- ਤਿੰਨ ਭਾਗਾਂ ਦੀ ਸਮਤਾ. ਇੱਕੋ ਜੇਹੇ ਤਿੰਨ ਭਾਗ. ਕੜਾਹਪ੍ਰਸਾਦ ਲਈ ਸਮ ਵਜ਼ਨ ਦਾ ਘੀ ਆਟਾ ਅਤੇ ਖੰਡ. ਦੇਖੋ, ਤਿਹਾਵਲ.


ਵਿ- ਤਿੰਨ ਲੋਕਾਂ ਦਾ ਭੋਕ੍ਤਾ (ਭੋਗਤਾ). ੨. ਤਿੰਨ ਲੋਕਾਂ ਦਾ ਭੋਗਰੂਪ. ਦੇਖੋ, ਭੁਕਤ.


ਦੇਖੋ, ਤ੍ਰਿਭਵਣ.