ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [کُندر] ਸੰਗ੍ਯਾ- ਬਾਉਨਾ. ਵਾਮਨ। ੨. ਮੋਟਾ ਗਧਾ। ੩. ਪੁਰਾਣਾ ਕਿਲਾ.


ਦੇਖੋ, ਸਵੈਯੇ ਦਾ ਭੇਦ ੧੮.


ਸੰਗ੍ਯਾ- ਛੱਪਰ। ੨. ਘਾਹ ਦਾ ਢੇਰ। ੩. ਨੀਰੇ ਦਾ ਕੁੱਪ। ੪. ਬੰਦੂਕ਼ ਦਾ ਕੁੰਦਾ.


ਕਾਠੀ ਦਾ ਹੰਨਾ. ਕਾਠੀ ਅੱਗੇ ਦਾ ਕੀਲਾ, ਜਿਸ ਵਿੱਚ ਲਗਾਮ ਅਟਕਾਈਦਾ ਹੈ. "ਚੜਿਕੈ ਘੋੜੜੈ ਕੁੰਦੇ ਪਕੜਹਿ." (ਵਾਰ ਗਉ ੨, ਮਃ ੫) ਅਣਜਾਣ ਸਵਾਰ ਡਿਗਣ ਦੇ ਡਰ ਤੋਂ ਕੁੰਦਾ (ਹੰਨਾ) ਫੜਦਾ ਹੈ, ਸ਼ਹਸਵਾਰ ਖੁਲ੍ਹੇ ਹੱਥ ਸਵਾਰੀ ਕਰਦਾ ਹੈ. ਖੇਡਣੀ ਪੋਲੋ ਤੇ ਫੜਨੇ ਕੁੰਦੇ, ਇਹ ਚੰਗੀ ਸਵਾਰੀ ਹੈ। ੨. ਤੁ. [قُنداق] ਕ਼ੁੰਦਾਕ਼. ਫ਼ਾ. [کُندہ] ਕੁੰਦਹ. ਬੰਦੂਕ਼ ਦੀ ਪਿੱਠ, ਜੋ ਕਾਠ ਦੀ ਬਣੀ ਹੁੰਦੀ ਹੈ. ਅੰ. Stock । ੩. ਮੁਜਰਮ ਦੇ ਪੈਰ ਫਸਾਉਣ ਦਾ ਕਾਠ. ਦੇਖੋ, ਕਾਠ ਮਾਰਨਾ.


ਸੰਗ੍ਯਾ- ਧੋਤੇ ਹੋਏ ਵਸਤ੍ਰਾਂ ਦੀ, ਮੂੰਗਲੀ ਨਾਲ ਅਥਵਾ ਇਸਤ੍ਰੀ ਨਾਲ, ਤਹਿ ਕਰਨ ਦੀ ਕ੍ਰਿਯਾ। ੨. ਵ੍ਯੰਗ- ਮਾਰ ਕੁਟਾਈ ਨਾਲ ਤਹਿ ਠੱਪਣੀ.


ਪ੍ਰਣਾਮ. ਦੇਖੋ, ਕੁਰਨਿਸ. "ਕੁਨਸਾਂ ਕੀਨੀ ਤੀਨ ਪ੍ਰਬੀਨਾ." (ਗੁਪ੍ਰਸੂ)


ਮੁਲ. ਸੰਗ੍ਯਾ- ਮਿੱਟੀ ਦੀ ਹਾਂਡੀ. ਮੱਘਾ. ਮਿੱਟੀ ਦਾ ਦੇਗਚਾ. "ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ." (ਸ. ਫਰੀਦ) "ਕੁੰਨੇ ਕੋਇਲਿਆਹ." (ਸ. ਫਰੀਦ) ਘੜੇ ਵਿੱਚ ਦਮਬੰਦ ਕੀਤੇ ਕੋਲਿਆਂ ਦੀ ਹਾਲਤ.