ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਛਾਣਨਾ। ੨. ਦੇਖੋ, ਛਾਨਿ। ੩. ਸਿੰਧੀ. ਛਲ. ਠੱਗੀ.


ਸੰਗ੍ਯਾ- ਛਾਨਣ ਦਾ ਯੰਤ੍ਰ. ਚਾਲਨੀ. ਛਲਨੀ.


ਦੇਖੋ, ਛਾਣਨਾ.


ਸੰਗ੍ਯਾ- ਖੋਜਪੜਤਾਲ. ਡੂੰਘਾ ਵਿਚਾਰ. ਸਤ੍ਯ ਅਸਤ੍ਯ ਦਾ ਨਿਰਣਾ.


ਸੰ. छन्न ਛੰਨ. ਵਿ- ਲੁਕਿਆ. ਗੁਪਤ. ਪੋਸ਼ੀਦਾ. "ਸੋਈ ਅਜਾਣੁ ਕਹੈ ਮੈ ਜਾਨਾ, ਜਾਨਣਹਾਰੁ ਨ ਛਾਨਾ ਰੇ." (ਆਸਾ ਮਃ ੫)


ਸੰਗ੍ਯਾ- ਛੰਨ. ਫੂਸ ਦਾ ਛੱਪਰ. ਫੂਸ ਨਾਲ ਛੰਨ (ਢਕਿਆ) ਮਕਾਨ. "ਤ੍ਰਿਸਨਾ ਛਾਨਿ ਪਰੀ ਧਰ ਊਪਰਿ." (ਗਉ ਕਬੀਰ) "ਕਾਪਹਿ ਛਾਨਿ ਛਵਾਈ ਹੋ?" (ਸੋਰ ਨਾਮਦੇਵ) ੨. ਕ੍ਰਿ. ਵਿ- ਛਾਣਕੇ.


ਵਿ- ਲੁਕੀਹੋਈ. ਗੁਪਤ. ਛੱਨ. "ਰਹੈ ਨ ਕਛੂਐ ਛਾਨੀ." (ਸੋਰ ਮਃ ੫)


ਸੰਗ੍ਯਾ- ਮੁਹਰ ਦਾ ਚਿੰਨ੍ਹ. ਮੁਦ੍ਰਾ. "ਸਤਿਗੁਰਿ ਕਰਿਦੀਨੀ ਧੁਰ ਕੀ ਛਾਪ." (ਆਸਾ ਅਃ ਮਃ ੫) ੨. ਉਹ ਅੰਗੂਠੀ, ਜਿਸ ਦੇ ਥੇਵੇ ਉੱਤੇ ਅੱਖਰ ਖੁਦੇ ਹੋਏ ਹੋਣ। ੩. ਚਿੰਨ੍ਹ. ਨਿਸ਼ਾਨ। ੪. ਕਵੀ ਦਾ ਸੰਕੇਤ ਕੀਤਾ। ਨਾਉਂ. Nome de plume. ਤਖ਼ੱਲੁਸ. ਜੈਸੇ ਭਾਈ ਨੰਦਲਾਲ ਜੀ ਦੀ ਛਾਪ "ਗੋਯਾ" ਹੈ। ੫. ਵਪਾਰੀ ਦਾ ਸੰਕੇਤ ਚਿੰਨ੍ਹ. Trade mark.


ਦੇਖੋ, ਛਾਪਣਾ। ੨. ਛਿਪਣਾ. ਲੁਕਣਾ. ਅੰਤਰਧਾਨਹੋਣਾ। ੩. ਭਾਵ- ਮਰਨਾ. "ਬਾਹੁੜਿ ਜਨਮ ਨ ਛਾਪਣ." (ਧਨਾ ਮਃ ੫)