ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. तप्. ਧਾ- ਤੱਤਾ ਹੋਣਾ, ਜਲਨਾ, ਤਪ ਕਰਨਾ, ਪਛਤਾਉਣਾ, ਚਮਕਣਾ, ਦੁੱਖ ਸਹਾਰਨਾ। ੨. ਸੰਗ੍ਯਾ- ਸ਼ਰੀਰ ਨੂੰ ਤਪਾਉਣ ਵਾਲਾ ਵ੍ਰਤ. ਤਪਸ੍ਯਾ. "ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ." (ਸੁਖਮਨੀ) "ਤੀਰਥ ਦਾਨ ਦਯਾ ਤਪ ਸੰਜਮ." (੩੩ ਸਵੈਯੇ) ੩. ਅਗਨਿ। ੪. ਗਰਮੀ। ੫. ਗ੍ਰੀਖਮ ਰੁੱਤ। ੬. ਬੁਖ਼ਾਰ. ਜ੍ਵਰ. ਦੇਖੋ, ਤਾਪ। ੭. ਤੇਜ. ਪ੍ਰਭਾਵ. "ਦੇਵਨ ਕੇ ਤਪ ਮੈ ਸੁਖ ਪਾਵੈ." (ਚੰਡੀ ੧) ੮. ਡਿੰਗ. ਮਾਘ ਮਹੀਨਾ.


ਸੰ. ਸੰਗ੍ਯਾ- ਸੂਰਯ। ੨. ਚੰਦ੍ਰਮਾ। ੩. ਪੰਛੀ। ੪. ਸੰ. तपस्. ਸ਼ਰੀਰ ਨੂੰ ਕਸ੍ਟ ਦੇਣ ਵਾਲੇ ਵ੍ਰਤ ਆਦਿਕ ਕਰਮ. ਤਪਸ੍ਯਾ। ੫. ਨਿਯਮ. ਨੇਮ। ੬. ਧਰਮ। ੭. ਮਾਘ ਮਹੀਨਾ। ੮. ਦੇਖੋ, ਤਪਿਸ਼.


ਸੰ. तपश्चर्य्या. ਸੰਗ੍ਯਾ- ਤਪ ਕਰਨ ਦਾ ਕਰਮ. ਤਪ ਤਾਪਣਾ.


ਵਿ- ਤਪ ਤਪਣ ਵਾਲਾ. ਤਪਸ੍ਵੀ.


ਵਿ- ਤਪਸ੍ਵੀਆਂ ਦਾ ਪਤਿ. ਮਹਾਨ ਤਪੀ. "ਅਗਸ੍ਟਿ ਆਦਿ ਜੇ ਬਡੇ ਤਪਸਪਤੀ ਬਿਸੇਖਿਐ." (ਅਕਾਲ) ੨. ਸੰ. तपस्पति. ਸੰਗ੍ਯਾ- ਵਿਸਨੁ। ੩. ਤਪ੍ਤਾਂਸ਼ੁਪਤੀ. ਸੂਰਯ. ਦੇਖੋ, ਸਿਤਸਪਤੀ.


ਸੰ. तपस्विन् ਵਿ- ਤਪ ਕਰਨ ਵਾਲਾ. ਤਪੀਆ। ੨. ਸੰਗ੍ਯਾ- ਤਪੀਆ ਪੁਰੁਸ.


ਤਪ ਕਰਕੇ. ਤ੍ਰਿਤੀਯਾ ਵਿਭਕ੍ਤਿ ਹੈ. "ਦਾਨੇ ਨ ਕਿੰ ਤਪਸਾ?" (ਗੂਜ ਜੈਦੇਵ) ੨. ਸੰਗ੍ਯਾ- ਤਪ. ਦੇਖੋ, ਤਪਸ੍ਯਾ. "ਅਨਿਕ ਤਪਸਿਆ ਕਰੇ ਅਹੰਕਾਰ." (ਸੁਖਮਨੀ); ਸੰ. ਸੰਗ੍ਯਾ- ਤਪਸ਼ਚਰਯਾ. ਤਪ। ੨. ਫੱਗੁਣ ਦਾ ਮਹੀਨਾ.