ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਰਕ੍ਤਤਾ ਵਾਲਾ ਲਾਲ. "ਨਿਰਖਤ ਨੈਨ ਰਹੇ ਰਤਵਾਈ." (ਗਉ ਬਾਵਨ ਕਬੀਰ) ੨. ਰਤਿਵਾਨ. ਪ੍ਰੀਤਿ ਸਹਿਤ.


ਵਿ- ਰਕ੍ਤ ਲਾਲ। ੨. ਰਤ. ਪ੍ਰੀਤਿਸਹਿਤ. "ਰਤਾ ਪੈਨਣੁ ਮਨ ਰਤਾ, ਸੁਪੇਦੀ ਸਤੁ ਦਾਨੁ." (ਸ੍ਰੀ ਮਃ ੧) "ਨਾਮਿ ਰਤਾ ਸਤਿਗੁਰੂ ਹੈ." (ਮਃ ੩. ਵਾਰ ਬਿਹਾ)


ਸੰ. ਰਕ੍ਤਾਲੁ. ਸੰਗ੍ਯਾ- ਇੱਕ ਪ੍ਰਕਾਰ ਦਾ ਕੰਦ, ਜਿਸ ਦੀ ਤਰਕਾਰੀ ਉੱਤਮ ਬਣਦੀ ਹੈ. ਇਹ ਕਚਾਲੂ ਦੀ ਤਰਾਂ ਜ਼ਮੀਨ ਵਿੱਚ ਵਧਦਾ ਹੈ ਅਰ ਪੱਤੇ ਬੇਲਦਾਰ ਹੁੰਦੇ ਹਨ. ਪਿੰਡਾਲੂ. Sweet yam L. Dioscorea Aculeata.


ਸੰ. ਦੇਖੋ, ਰਮ੍‌ ਧਾ. ਸੰਗ੍ਯਾ- ਪ੍ਰੀਤਿ. ਮੁਹੱਬਤ. "ਜਉਪੈ ਰਾਮਨਾਮ ਰਤਿ ਨਾਹੀ." (ਗਉ ਕਬੀਰ) ੨. ਕਾਮ ਦੀ ਇਸਤ੍ਰੀ. ਪੁਰਾਣਾਂ ਵਿੱਚ ਇਹ ਦਕ੍ਸ਼੍‍ ਪ੍ਰਜਾਪਤਿ ਦੇ ਪਸੀਨੇ ਤੋਂ ਪੈਦਾ ਹੋਈ ਦੱਸੀ ਹੈ. ਇਸ ਨੂੰ ਦੇਖਕੇ ਸਾਰੇ ਦੇਵਤਿਆਂ ਦੇ ਚਿੱਤ ਵਿੱਚ ਪਿਆਰ ਉਪਜਿਆ, ਇਸ ਲਈ ਨਾਮ ਰਤਿ ਹੋਇਆ। ੩. ਮੈਥੁਨ. ਕਾਮਕ੍ਰੀੜਾ। ੪. ਸ਼ੋਭਾ. ਛਬਿ। ੫. ਸੌਭਾਗ੍ਯਤਾ. ਖ਼ੁਸ਼ਨਸੀਬੀ। ੬. ਪ੍ਰਸੰਨਤਾ. ਖ਼ੁਸ਼ੀ। ੭. ਰਤਿਪਤਿ (ਕਾਮ) ਦਾ ਸੰਖੇਪ. "ਲਖ ਤਾਂਹਿ ਰਿਸ੍ਯੋ ਰਤਿ." (ਚਰਿਤ੍ਰ ੨੫੦)