ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਚਾਲ ਚਲਨ. ਕਰਤੂਤ. Character । ੨. ਗਮਨ. ਕੂਚ. ਭਾਵ- ਮਰਣ. "ਜਿਨੀ ਚਲਣ ਜਾਣਿਆ, ਸੇ ਕਿਉ ਕਰਹਿ ਵਿਥਾਰ?" (ਵਾਰ ਸੂਹੀ ਮਃ ੨) ੩. ਰੀਤਿ ਰਿਵਾਜ। ੪. ਗਤਿ. ਚਾਲ। ੫. ਡਿੰਗ. ਚਰਨ. ਪੈਰ. ਚੱਲਣ ਦਾ ਸਾਧਨਰੂਪ ਅੰਗ. "ਚਬਣ ਚਲਣ ਰਤੰਨ." (ਸ. ਫਰੀਦ) ਦੰਦ, ਪੈਰ ਅਤੇ ਨੇਤ੍ਰ.


ਵਿ- ਚਲਾਇਮਾਨ। ੨. ਜਾਣ ਵਾਲਾ. ਨਾ ਠਹਿਰਨ ਵਾਲਾ. "ਚਲੇ ਚਲਣਹਾਰ." (ਆਸਾ ਫਰੀਦ) "ਸਭੁ ਜਗੁ ਚਲਣਹਾਰੁ." (ਵਾਰ ਆਸਾ)


ਵਿ- ਦੇਖੋ, ਚਲਣਹਾਰਾ। ੨. ਸੰਗ੍ਯਾ- ਚੱਲਣ ਦਾ ਵੇਲਾ. "ਅੰਤ ਸਖਾਈ ਚਲਣਵਾਰਾ." (ਮਾਰੂ ਸੋਲਹੇ ਮਃ ੧)


ਕ੍ਰਿ- ਗਮਨ. ਤੁਰਨਾ। ੨. ਠਿਕਾਣੇ ਤੋਂ ਟਲਣਾ. ਦੇਖੋ, ਚਲ.


ਦੇਖੋ, ਚਲਣ ੨. "ਚਲਣੁ ਰਿਦੈ ਸਮਾਲਿ." (ਮਲਾ ਮਃ ੩) ੨. ਦੇਖੋ, ਚਲਣ ੩. "ਆਗੈ ਚਲਣੁ ਔਰ ਹੈ ਭਾਈ." (ਮਾਲੀ ਮਃ ੫)


ਸੰ. ਚਰਿਤ. ਸੰਗ੍ਯਾ- ਚਰਿਤ੍ਰ. "ਜਿਸ ਦੇ ਚਲਤ ਅਨੇਕ." (ਸ੍ਰੀ ਮਃ ੫) ੨. ਬਾਣੀਏ ਦਾ ਚਲਦਾ ਹਿਸਾਬ. ਬਨੀਏ ਦੀ ਉਧਾਰ ਦਿੱਤੀ ਹੋਈ ਰਕ਼ਮ ਅਥਵਾ ਵਸਤੁ। ੩. ਵਿ- ਚਲਾਇਮਾਨ. ਨਾ ਇਸਥਿਤ. "ਤਨ ਧਨ ਜੋਬਨ ਚਲਤ ਗਾਇਆ." (ਬਿਲਾ ਮਃ ੫) ੪. ਚਲਦਾ. ਗਮਨ ਕਰਦਾ.