ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕੰਸਹਨੈਯਾ. ਕ੍ਰਿਸਨ. ਕਾਨ੍ਹ। ੨. ਕਰਤਾਰ. ਵਾਹਗੁਰੂ। ੩. ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਇੱਕ ਪ੍ਰੇਮੀ ਸਿੱਖ, ਜੋ ਆਨੰਦਪੁਰ ਦੇ ਜੰਗ ਵਿੱਚ ਦਸ਼ਮੇਸ਼ ਦੀ ਸੇਵਾ ਕਰਦਾ ਹੋਇਆ ਵੈਰੀਆਂ ਨੂੰ ਭੀ ਪਾਣੀ ਪਿਆਇਆ ਕਰਦਾ ਸੀ. ਇਸ ਦਾ ਨਾਉਂ ਘਨੈਯਾ ਭੀ ਪ੍ਰਸਿੱਧ ਹੈ. ਕਿਤਨੇ ਲੇਖਕਾਂ ਨੇ ਭਾਈ ਮੀਹਾਂ ਨੂੰ ਹੀ ਕਨ੍ਹੈਯਾ ਸਮਝਿਆ ਹੈ, ਜੋ ਭੁੱਲ ਹੈ. ਦੇਖੋ, ਮੀਹਾਂ.


ਸਿੱਖਾਂ ਦੀ ੧੨. ਮਿਸਲਾਂ ਵਿੱਚੋਂ ਇੱਕ ਮਿਸਲ, ਜੋ ਕਾਨ੍ਹੇ ਪਿੰਡ ਦੇ ਵਸਨੀਕ ਖ਼ੁਸ਼ਹਾਲ ਸਿੰਘ ਦੇ ਪੁਤ੍ਰ ਸਰਦਾਰ ਜੈ ਸਿੰਘ ਸੱਧੂ ਜੱਟ ਨੇ ਕ਼ਾਇਮ ਕੀਤੀ. ਇਸ ਮਿਸਲ ਦੀ ਆਮਦਨੀ ੪੦ ਲੱਖ ਅਤੇ ਫ਼ੌਜ ਅੱਠ ਹਜ਼ਾਰ ਸੀ. ਸੰਮਤ ੧੮੨੦ ਵਿੱਚ ਸਰਹਿੰਦ ਨੂੰ ਫ਼ਤੇ ਕਰਨ ਸਮੇਂ ਜੈ ਸਿੰਘ ਆਪਣੇ ਦਲ ਸਮੇਤ ਪੰਥ ਨਾਲ ਸ਼ਾਮਿਲ ਸੀ. ਇਸ ਵੀਰ ਦਾ ਦੇਹਾਂਤ ਸੰਮਤ ੧੮੪੭ (ਸਨ ੧੭੮੯) ਵਿੱਚ ਹੋਇਆ ਹੈ. ਜੈ ਸਿੰਘ ਦੀ ਪੋਤੀ, ਸਃ ਗੁਰਬਖ਼ਸ਼ ਸਿੰਘ ਦੀ ਪੁਤ੍ਰੀ ਮਹਤਾਬ ਕੌਰ ਮਹਾਰਾਜਾ ਰਣਜੀਤ ਸਿੰਘ ਨੂੰ ਵਿਆਹੀ ਗਈ ਸੀ. ਤਸੀਲ ਕੁਸੂਰ ਦੇ ਰੱਖਾਂਵਾਲੇ ਪਿੰਡ ਦੇ ਸਰਦਾਰ ਅਤੇ ਤਸੀਲ ਵਟਾਲੇ ਦੇ ਫ਼ਤੇਗੜ੍ਹ ਦੇ ਸਰਦਾਰ ਇਸੇ ਮਿਸਲ ਵਿੱਚੋਂ ਹਨ.


ਦੇਖੋ, ਕਪਣਾ। ੨. ਦੇਖੋ, ਕੰਪ. "ਹਥ ਮਰੋੜੈ ਤਨੁ ਕਪੈ." (ਮਾਝ ਬਾਰਹਮਾਹਾ) ੩. ਦੇਖੋ, ਕਪਿ। ੪. ਸੰ. कप् ਧਾ- ਚਲਣਾ ਹਿਲਣਾ. ਕੰਬਣਾ.


ਸੰ. ਸੰਗ੍ਯਾ- ਛਲ. ਫ਼ਰੇਬ. "ਕੂੜਿ ਕਪਟਿ ਕਿਨੈ ਨ ਪਾਇਓ." (ਸ੍ਰੀ ਮਃ ੪) ੨. ਦੇਖੋ, ਕਪਾਟ. "ਖੋਲਿ ਕਪਟ ਗੁਰੁ ਮੇਲੀਆ." (ਜੈਤ ਛੰਤ ਮਃ ੫) "ਨਾਨਕ ਮਿਲਹੁ ਕਪਟ ਦਰ ਖੋਲਹੁ." (ਤੁਖਾਰੀ ਬਾਰਹਮਾਹਾ)


ਸੰ. ਕੂਟਾਸ੍ਤ. ਸੰਗ੍ਯਾ- ਬਾਘਨਖਾ ਆਦਿਕ ਸ਼ਸਤ੍ਰ, ਜੋ ਪੋਸ਼ਾਕ ਵਿੱਚ ਛੁਪਾਇਆ ਹੋਵੇ. "ਕੂੜ ਕਪਟਹਥਿਆਰ ਜਿਉਂ." (ਭਾਗੁ)