ਪਰਿਭਾਸ਼ਾ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸੰਮਤ ੧੬੬੫ ਵਿੱਚ ਸ੍ਰੀ ਅੰਮ੍ਰਿਤਸਰ ਹਰਿਮੰਦਿਰ ਦੇ ਸਾਮ੍ਹਣੇ ਇੱਕ ਉੱਚਾ ਰਾਜਸਿੰਘਾਸਨ (ਸ਼ਾਹੀ ਤਖ਼ਤ) ਤਿਆਰ ਕਰਵਾਕੇ ਉਸ ਦਾ ਨਾਉਂ "ਅਕਾਲਬੁੰਗਾ" ਰੱਖਿਆ, ਜਿਸ ਥਾਂ ਸਵੇਰੇ ਅਤੇ ਸੰਝ ਨੂੰ ਦੀਵਾਨ ਲਗਾਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ. ਅਕਾਲਬੁੰਗਾ ਪੰਥਕ ਜਥੇਬੰਦੀ ਦਾ ਕੇਂਦ੍ਰ ਹੈ. ਪੰਥ ਇਸ ਥਾਂ ਮੁੱਢ ਤੋਂ ਗੁਰੁਮਤੇ ਸੋਧਦਾ ਆਇਆ ਹੈ. ਇਹ ਗੁਰਦ੍ਵਾਰਾ ਸਿੱਖਾਂ ਦਾ ਪਹਿਲਾ ਤਖ਼ਤ ਹੈ. ਇਥੇ ਗੁਰੂ ਸਾਹਿਬਾਨ ਅਤੇ ਧਰਮਵੀਰ ਸ਼ਹੀਦਾਂ ਦੇ ਇਹ ਸ਼ਾਸਤ੍ਰ ਹਨ:-#(੧) ਸ਼੍ਰੀ ਸਾਹਿਬ ਮੀਰੀ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ.#(੨) ਸ਼੍ਰੀ ਸਾਹਿਬ ਪੀਰੀ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ.#(੩) ਸ਼੍ਰੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ.#(੪) ਸ਼੍ਰੀ ਸਾਹਿਬ ਬਾਬਾ ਬੁੱਢਾ ਜੀ ਦਾ.#(੫) ਸ਼੍ਰੀ ਸਾਹਿਬ ਭਾਈ ਜੇਠਾ ਜੀ ਦਾ.#(੬) ਸ਼੍ਰੀ ਸਾਹਿਬ ਬਾਬਾ ਕਰਮ ਸਿੰਘ ਜੀ ਸ਼ਹੀਦ ਦਾ.#(੭) ਸ਼੍ਰੀ ਸਾਹਿਬ ਭਾਈ ਉਦਯ ਸਿੰਘ ਜੀ ਦਾ, ਜੋ ਦਸਮ ਪਾਤਸ਼ਾਹ ਜੀ ਦੇ ਹਜੂਰੀ ਸਨ.#(੮) ਸ਼੍ਰੀ ਸਾਹਿਬ ਭਾਈ ਬਿਧੀਚੰਦ ਜੀ ਦਾ.#(੯) ਦੁਧਾਰਾ ਖੰਡਾ ਬਾਬਾ ਗੁਰੁਬਖ਼ਸ਼ ਸਿੰਘ ਜੀ ਸ਼ਹੀਦ ਦਾ.#(੧੦) ਦੁਧਾਰਾ ਖੰਡਾ ਬਾਬਾ ਦੀਪ ਸਿੰਘ ਜੀ ਦਾ.#(੧੧) ਦੁਧਾਰਾ ਖੰਡਾ ਬਾਬਾ ਨੌਧ ਸਿੰਘ ਜੀ ਸ਼ਹੀਦ ਦਾ.#(੧੨) ਖੜਗ ਭਾਈ ਵਿਚਿਤ੍ਰ ਸਿੰਘ ਜੀ ਦਾ, ਜਿਸ ਦਾ ਤੋਲ ੧੦. ਸੇਰ ਪੱਕਾ ਹੈ.#(੧੩) ਛੀਵੇਂ ਸਤਿਗੁਰੂ ਦੀ ਗੁਰਜ ਸੋਲਾਂ ਸੇਰ ਪੱਕੇ ਦੀ. ਇਹ ਮਾਤਾ ਸੁੰਦਰੀ ਜੀ ਨੇ ਧਰਮਵੀਰ ਜੱਸਾ ਸਿੰਘ ਨੂੰ ਬਖਸ਼ੀ ਸੀ.#(੧੪) ਕ੍ਰਿਪਾਨ ਜਿਹਾ ਸ਼ਸਤ੍ਰ ਦਸਤਾ ਪਿੱਤਲ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ.#(੧੫) ਕਟਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ.#(੧੬) ਕਟਾਰ ਬਾਬਾ ਅਜੀਤ ਸਿੰਘ ਜੀ ਦਾ.#(੧੭) ਕਟਾਰ ਬਾਬਾ ਜੁਝਾਰ ਸਿੰਘ ਜੀ ਦਾ.#(੧੮) ਕ੍ਰਿਪਾਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ.#(੧੯) ਪੇਸ਼ਕਬਜ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ.#(੨੦) ਪੇਸ਼ਕਬਜ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ.#(੨੧) ਸ਼ਸਤ੍ਰ ਕ੍ਰਿਪਾਨ ਜਿਹਾ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ.#(੨੨) ਪਿਸਤੌਲ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ.#(੨੩) ਪਿਸਤੌਲ ਬਾਬਾ ਗੁਰੁਬਖ਼ਸ਼ ਸਿੰਘ ਜੀ ਸ਼ਹੀਦ ਦਾ.#(੨੪) ਦੋ ਤੀਰ ਦਸਮ ਪਾਤਸ਼ਾਹ ਜੀ ਦੇ, ਜਿਨ੍ਹਾਂ ਦੀ ਮੁਖੀ ਨਾਲ ਇੱਕ ਇੱਕ ਤੋਲਾ ਸੋਨਾ ਹੈ.#(੨੫) ਖੰਡਾ ਦਰਮਯਾਨਾ ਬਾਬਾ ਦੀਪ ਸਿੰਘ ਜੀ ਦਾ.#(੨੬) ਦੋ ਕ੍ਰਿਪਾਨਾਂ ਬਾਬਾ ਦੀਪ ਸਿੰਘ ਜੀ ਦੀਆਂ.#(੨੭) ਦੋ ਛੋਟੇ ਖੰਡੇ ਬਾਬਾ ਦੀਪ ਸਿੰਘ ਜੀ ਦੇ.#(੨੮) ਚੱਕਰ ਬਾਬਾ ਦੀਪ ਸਿੰਘ ਜੀ ਦਾ.#(੨੯) ਚੱਕਰ ਛੋਟਾ ਬਾਬਾ ਦੀਪ ਸਿੰਘ ਜੀ ਦਾ.#(੩੦) ਚੱਕਰ ਬਾਬਾ ਦੀਪ ਸਿੰਘ ਜੀ ਦੇ ਸੀਸ ਸਜਾਉਣ ਦਾ!#(ਅ) ਆਨੰਦਪੁਰ ਵਿੱਚ ਉਹ ਅਸਥਾਨ, ਜਿਸ ਥਾਂ ਬੈਠਕੇ ਦਸ਼ਮੇਸ਼ ਨੇ ਨੌਮੇ ਸਤਿਗੁਰਾਂ ਦਾ ਅੰਤਿਮ ਸੰਸਕਾਰ ਕੀਤਾ. ਦੇਖੋ, ਆਨੰਦਪੁਰ.#(ੲ) ਪਟਨੇ ਆਦਿ ਗੁਰੁਦ੍ਵਾਰਿਆਂ ਵਿੱਚ ਭੀ ਇਸ ਨਾਉਂ ਦੇ ਬੁੰਗੇ ਹਨ.
ਸਰੋਤ: ਮਹਾਨਕੋਸ਼