ਪਰਿਭਾਸ਼ਾ
ਦੇਖੋ, ਅਗਣ ੧. "ਗਨ ਅਗਨ ਨਵੋ ਹੀ ਰਸ." (ਨਾਪ੍ਰ) ੨. ਸੰ. ਅਗਿਨ. ਸੰਗ੍ਯਾ- ਅੱਗ. ਆਤਿਸ਼। ੩. ਪੰਜ ਤੱਤਾਂ ਵਿੱਚੋਂ ਇੱਕ ਤੱਤ, ਜੋ ਗਰਮੀ (ਉਸਨਤਾ) ਰੂਪ ਹੈ। ੪. ਵਿ- ਅਗਣਿਤ. ਬੇਸ਼ੁਮਾਰ. "ਇਤ ਕੋਪ ਮਲੇਛ ਚੜ੍ਹੇ ਅਗਨੇ." (ਕ੍ਰਿਸਨਾਵ) "ਆਇ ਅਗਨ ਰਾਛਸ ਯੁਤ ਰਾਵਨ." (ਗੁਪ੍ਰਸੂ) ੫. ਚੰਡੋਲ ਦੀ ਜਾਤਿ ਦਾ ਇੱਕ ਪੰਛੀ, ਜਿਸਦਾ ਕੱਦ ਚੰਡੋਲ ਨਾਲੋਂ ਛੋਟਾ ਹੁੰਦਾ ਹੈ. ਇਹ ਆਕਾਸ਼ ਵਿੱਚ ਉਡਕੇ ਅਨੇਕ ਪ੍ਰਕਾਰ ਦੀ ਮਿੱਠੀ ਬੋਲੀ ਬੋਲਦਾ ਹੈ. ਪੰਜਾਬ ਵਿੱਚ ਅਗਨ ਬਹੁਤ ਹੁੰਦਾ ਹੈ. ਰੰਗ ਖਾਕੀ ਅਤੇ ਸਿਰ ਸਾਫ ਹੁੰਦਾ ਹੈ, ਅਰਥਾਤ ਚੰਡੋਲ ਜੇਹੀ ਵਾਲਾਂ ਦੀ ਕਲਗੀ ਨਹੀਂ ਹੁੰਦੀ. ਇਹ ਜਮੀਨ ਤੇ ਆਲਨਾ ਬਣਾਕੇ ਆਂਡੇ ਦਿੰਦਾ ਹੈ. ਕਈ ਇਸ ਨੂੰ 'ਹਜ਼ਾਰ ਦਾਸਤਾਨ' ਭੀ ਆਖ ਦੇ ਹਨ. ਬੁਲਬੁਲ ਨੂੰ ਭੀ ਕਈ ਅਞਾਣ ਕਵਿ ਹਜ਼ਾਰ ਦਾਸਤਾਨ ਲਿਖ ਦਿੰਦੇ ਹਨ.
ਸਰੋਤ: ਮਹਾਨਕੋਸ਼