ਪਰਿਭਾਸ਼ਾ
ਸੰ. ਆਗਨੇਯ ਵਿਸਰਪ. ਇਸ ਦਾ ਮੂਲ ਕਾਰਣ ਜਠਰਅਗਨੀ ਦਾ ਵਿਗਾੜ ਹੈ. ਬਹੁਤਾ ਲੂਣ, ਖੱਟਾ, ਕੱਚੇ ਅਥਵਾ ਸੜੇ ਹੋਏ ਫਲ, ਬਹੁਤ ਮਿਰਚਾਂ ਅਤੇ ਗਰਮ ਮਸਾਲੇ, ਸ਼ਰਾਬ ਆਦਿ ਨਸ਼ਿਆਂ ਦੇ ਬਹੁਤਾ ਵਰਤਣ ਤੋਂ ਇਹ ਰੋਗ ਪੈਦਾ ਹੁੰਦਾ ਹੈ. ਅਗਨਵਾਉ ਦੇ ਰੋਗੀ ਨੂੰ ਭੁੱਖ ਘੱਟ ਲੱਗਦੀ ਹੈ, ਜੀ ਮਤਲਾਉਂਦਾ ਹੈ, ਹੱਡ ਭੰਨਣੀ ਹੁੰਦੀ ਹੈ, ਤ੍ਰਿਖਾ ਬਹੁਤ ਅਤੇ ਮੱਥੇ ਵਿੱਚ ਜਲਨ ਮਲੂਮ ਹੁੰਦੀ ਹੈ. ਜੇ ਛੇਤੀ ਇਲਾਜ ਨਾ ਕੀਤਾ ਜਾਵੇ ਤਾਂ ਸੰਗ੍ਰਹਿਣੀ, ਅਤੀਸਾਰ, ਸੂਲ, ਅਫਾਰਾ ਆਦਿ ਅਨੇਕ ਰੋਗ ਆ ਗ੍ਰਸਦੇ ਹਨ.#ਇਸ ਰੋਗ ਦੇ ਦੂਰ ਕਰਨ ਲਈ ਹਲਕਾ ਜੁਲਾਬ ਦੇਣਾ ਅਤੇ ਕੈ (ਵਮਨ) ਕਰਾਉਣੀ ਗੁਣਕਾਰੀ ਹਨ, ਪਰ ਜਿਨ੍ਹਾਂ ਦਵਾਈਆਂ ਤੋਂ ਦਾਹ ਪੈਦਾ ਹੋਵੇ ਓਹ ਵਰਤਣੀਆਂ ਠੀਕ ਨਹੀਂ.#ਚਰਾਇਤਾ, ਬਾਂਸਾ, ਕੜੂ, ਪਟੋਲਪਤ੍ਰ, ਹਰੜ, ਬਹੇੜਾ, ਆਉਲਾ, ਲਾਲ ਚੰਦਨ, ਨਿੰਮ ਦੀ ਛਿੱਲ ਇਹ ਸਭ ਸਮਾਨ ਲੈ ਕੇ ਕੁੱਟ ਲੈਣੀਆਂ. ਇਕ ਪਾ ਪਾਣੀ ਵਿੱਚ ਡੇਢ ਤੋਲਾ ਇਹ ਚੂਰਣ ਉਬਾਲਣਾ, ਜਦ ਅੱਧ ਪਾ ਪਾਣੀ ਰਹੇ ਤਦ ਛਾਣਕੇ ਤੇ ਠੰਢਾ ਕਰਕੇ ਰੋਗੀ ਨੂੰ ਦੇਣਾ ਬਹੁਤ ਚੰਗਾ ਅਸਰ ਕਰਦਾ ਹੈ. ਦੇਖੋ, ਅਗਨਿਬਾਇ.
ਸਰੋਤ: ਮਹਾਨਕੋਸ਼