ਪਰਿਭਾਸ਼ਾ
ਸੰ. ਅਗਸ੍ਤਿ ਅਤੇ ਅਗਸਤ੍ਯ. ਅਗ (ਵਿੰਧ੍ਯ ਪਹਾੜ) ਨੂੰ ਸਤੰਭਨ (ਠਹਿਰਾਉਣ) ਵਾਲਾ ਇਕ ਮਸ਼ਹੂਰ ਰਿਖੀ, ਜਿਸ ਨੇ ਰਿਗਵੇਦ ਦੇ ਕਈ ਮੰਤ੍ਰ ਪ੍ਰਗਟ ਕੀਤੇ ਹਨ. ਰਿਗਵੇਦ ਵਿੱਚ ਲਿਖਿਆ ਹੈ ਕਿ ਅਗਸਤ, ਮਿਤ੍ਰਾਵਰੁਣ¹ ਦਾ ਪੁਤ੍ਰ ਹੈ, ਜਿਨ੍ਹਾਂ ਦਾ ਵੀਰਯ ਉਰਵਸ਼ੀ ਨੂੰ ਵੇਖਕੇ ਪਾਤ ਹੋ ਗਿਆ ਸੀ. ਜੋ ਵੀਰਯ ਦਾ ਭਾਗ ਘੜੇ ਵਿੱਚ ਡਿੱਗਾ ਉਸ ਤੋਂ ਅਗਸ੍ਤਿ, ਅਤੇ ਜੋ ਬਾਹਰ ਡਿੱਗਿਆ ਉਸ ਤੋਂ ਵਸ਼ਿਸ੍ਠ ਪੈਦਾ ਹੋਇਆ. ਇਸੇ ਲਈ ਸਾਯਣ ਨੇ ਲਿਖਿਆ ਹੈ ਕਿ ਅਗਸਤ ਇੱਕ ਪਾਣੀ ਵਾਲੇ ਘੜੇ ਵਿੱਚੋਂ ਸੁੰਦਰ ਮੱਛ ਸਮਾਨ ਉਤਪੰਨ ਹੋਇਆ ਸੀ, ਇਸੇ ਕਾਰਣ ਇਸ ਦੇ ਨਾਉਂ ਕਲਸ਼ੀ ਸੁਤ, ਕੁੰਭ ਸੰਭਵ ਅਥਵਾ ਘਟੋਦਭਵ ਆਦਿ ਭੀ ਹਨ. ਜਨਮ ਅਨੁਸਾਰ ਇਸ ਨੂੰ ਮੈਤ੍ਰਾਵਰੁਣੀ ਅਥਵਾ ਔਰਵਸ਼ੇਯ ਆਖਦੇ ਹਨ. ਉਤਪੰਨ ਹੋਣ ਦੇ ਸਮੇਂ ਇਹ ਕੇਵਲ ਇੱਕ ਗਿੱਠ ਭਰ ਸੀ.#ਇੱਕ ਸਮੇਂ "ਕਾਲਕੇਯ" ਦੈਤ ਸੰਸਾਰ ਵਿੱਚ ਵਡਾ ਉਪਦ੍ਰਵ ਕਰਨ ਲੱਗੇ, ਰਿਖੀਆਂ ਨੂੰ ਮਾਰਦੇ ਜੱਗਾਂ ਨੂੰ ਵਿਗਾੜਦੇ ਅਤੇ ਅਨੇਕ ਦੁੱਖ ਦਿੰਦੇ ਸਨ. ਦੇਵਤੇ ਉਨ੍ਹਾਂ ਮਾਰਣ ਜਾਂਦੇ, ਤਾਂ ਉਹ ਸਮੁੰਦਰ ਵਿੱਚ ਲੁਕ ਜਾਂਦੇ. ਅਗਸ੍ਤਿ ਨੇ ਦੇਵਤਿਆਂ ਦੀ ਪ੍ਰਾਰਥਨਾ ਸੁਣੀ ਅਰ ਸਾਰੇ ਸਮੁੰਦਰ ਦਾ ਇੱਕ ਘੁੱਟ ਭਰ ਲਿਆ, ਜਿਸ ਤੋਂ ਕਾਲਕੇਯ ਦੈਤਾਂ ਦੇ ਨਾਸ਼ ਕਰਨ ਵਿੱਚ ਦੇਵਤੇ ਕਾਮਯਾਬ ਹੋਏ, ਅਤੇ ਅਗਸ੍ਤਿ ਦਾ ਨਾਉਂ ਪੀਤਾਬਧੀ ਅਤੇ ਸਮੁਦ੍ਰਚੁਲੁਕ ਪ੍ਰਸਿੱਧ ਹੋਇਆ।#ਪੁਰਾਣਾਂ ਵਿੱਚ ਲਿਖਿਆ ਹੈ ਕਿ ਅਗਸ੍ਤਿ ਪੁਲਸਤ੍ਯ ਦਾ ਪੁਤ੍ਰ ਸੀ. ਰਾਮਾਇਣ ਵਿੱਚ ਕਥਾ ਹੈ ਕਿ ਅਗਸਤ ਨੇ ਇਕ ਵੇਰ ਆਪਣੇ ਪਿਤਰਾਂ ਨੂੰ ਇੱਕ ਟੋਏ ਵਿੱਚ ਸਿਰ ਭਾਰ ਲਟਕਦੇ ਵੇਖਿਆ, ਅਤੇ ਉਨ੍ਹਾਂ ਨੇ ਇਸ ਨੂੰ ਆਖਿਆ ਕਿ ਇੱਥੋਂ ਸਾਡਾ ਛੁਟਕਾਰਾ ਤਦ ਹੋ ਸਕਦਾ ਹੈ ਜੇ ਤੂੰ ਇੱਕ ਪੁਤ੍ਰ ਪੈਦਾ ਕਰੇਂ. ਅਗਸਤ ਨੇ ਕਈ ਜਾਨਵਰਾਂ ਦੇ ਉੱਤਮ ਉੱਤਮ ਭਾਗ ਲੈਕੇ ਇੱਕ ਲੜਕੀ ਰਚੀ ਅਤੇ ਉਸ ਨੂੰ ਵਿਦਰਭ ਦੇ ਰਾਜੇ ਕੋਲ ਘੱਲ ਦਿੱਤਾ. ਓਥੇ ਉਹ ਰਾਜਪੁਤ੍ਰੀ ਵਾਂਙ ਪਲਦੀ ਰਹੀ. ਜਦ ਉਹ ਯੁਵਾ ਹੋਈ ਤਾਂ ਅਗਸਤ ਨੇ ਉਸ ਨਾਲ ਵਿਆਹ ਕੀਤਾ. ਇਸ ਕੰਨ੍ਯਾ ਦਾ ਨਾਉਂ "ਲੋਪਾਮੁਦ੍ਰਾ" ਸੀ. ਰਾਮਾਇਣ ਵਿੱਚ ਅਗਸਤ ਦਾ ਹੋਰ ਬਹੁਤ ਹਾਲ ਦਿੱਤਾ ਹੈ ਕਿ ਇਹ ਬਹੁਤ ਚਿਰ ਵਿੰਧ੍ਯਾਚਲ ਦੇ ਦੱਖਣ, 'ਕੁੰਜਰ' ਪਹਾੜ ਤੇ ਤਪ ਕਰਦਾ ਰਿਹਾ ਹੈ ਅਰ ਦੱਖਣ ਦੇ ਦੈਂਤ ਇਸ ਤੋਂ ਬਹੁਤ ਡਰਦੇ ਰਹੇ ਹਨ. ਰਾਮ, ਲਛਮਣ ਅਤੇ ਸੀਤਾ ਇਸ ਦੇ ਪਾਸ ਜਾਕੇ ਰਹੇ ਸਨ. ਇਸ ਨੇ ਰਾਮ ਜੀ ਨੂੰ ਇੱਕ ਖੜਗ, ਵਿਸਨੁ ਦਾ ਧਨੁਖ ਅਤੇ ਅਕ੍ਸ਼੍ਯ ਤੂਣੀਰ (ਭੱਥਾ) ਦਿੱਤਾ, ਜਿਸ ਨਾਲ ਰਾਮ ਜੀ ਨੇ ਰਾਵਣ ਨੂੰ ਮਾਰਿਆ.#ਅਗਸਤ ਰਾਮਚੰਦ੍ਰ ਜੀ ਦੇ ਰਾਜਤਿਲਕ ਵੇਲੇ ਅਯੋਧ੍ਯਾ ਵਿੱਚ ਮੌਜੂਦ ਸੀ. ਦੱਖਣ ਦੇਸ਼ ਦੇ ਦ੍ਰਾਵੜ ਲੋਕ ਅਗਸਤ ਮੁਨੀ ਨੂੰ ਬਹੁਤ ਪੂਜਦੇ ਹਨ. "ਅਗਸ੍ਤ ਆਦਿ ਜੇ ਬਡੇ ਤਪਸ੍ਤਪੀ ਵਿਸੇਖਿਐ." (ਅਕਾਲ) ੨. ਇਸ ਨਾਉਂ ਦਾ ਇਕ ਤਾਰਾ, ਜੋ ੧੭. ਭਾਦੋਂ ਨੂੰ ਦੱਖਣ ਦਿਸ਼ਾ ਤੋਂ ਉਦੇ ਹੁੰਦਾ ਹੈ. "ਉਦਯ ਅਗਸ੍ਤ ਪੰਥ ਜਲ ਸੋਖਾ." (ਤੁਲਸੀ)
ਸਰੋਤ: ਮਹਾਨਕੋਸ਼