ਪਰਿਭਾਸ਼ਾ
ਜਿਲਾ ਗੁਰੁਦਾਸਪੁਰ ਵਿੱਚ ਵਟਾਲੇ ਤੋਂ ਦੋ ਕੋਹ ਦੱਖਣ ਵੱਲ ਮਹਾਂਦੇਵ ਦਾ "ਅਚਲ" ਨਾਮੇ ਮੰਦਿਰ ਹੈ, ਇਸ ਤੋਂ ਪਿੰਡ ਦਾ ਨਾਉਂ ਭੀ 'ਅਚਲ' ਪੈਗਿਆ ਹੈ. ਵਟਾਲੇ ਨਾਲ ਅਚਲ ਪਦ ਮਿਲਾਕੇ ਦੋਹਾਂ ਦੀ ਅਚਲਵਟਾਲਾ ਸੰਗ੍ਯਾ ਹੋ ਗਈ ਹੈ. ਇੱਥੇ ਸਤਿਗੁਰੂ ਨਾਨਕ ਦੇਵ ਦੀ ਗੋਰਖਪੰਥੀਆਂ ਨਾਲ ਸੰਮਤ ੧੫੮੬ ਵਿੱਚ ਚਰਚਾ ਹੋਈ, ਜਿਸ ਦਾ ਪੂਰਾ ਵਰਣਨ "ਸਿਧਗੋਸਟਿ" ਵਿੱਚ ਹੈ. "ਮੇਲਾ ਸੁਣ ਸਿਵਰਾਤਿ ਦਾ ਬਾਬਾ ਅਚਲਵਟਾਲੇ ਆਈ." (ਭਾਗੁ)#ਸ਼ਿਵਰਾਤ੍ਰੀ ਦਾ ਮੇਲਾ ਫੱਗੁਣ ਸੁਦੀ ੧੪. ਨੂੰ ਹੋਇਆ ਕਰਦਾ ਹੈ. ਸ਼੍ਰੀ ਗੁਰੂ ਨਾਨਕ ਦੇਵ ਜਿਸ ਥਾਂ ਵਿਰਾਜੇ ਸਨ ਉੱਥੇ ਗੁਰੁਦ੍ਵਾਰਾ ਬਣਿਆ ਹੋਇਆ ਹੈ, ਜਿਸ ਦਾ ਨਾਉਂ 'ਅਚਲ ਸਾਹਿਬ' ਹੈ. ਇਥੇ ਗੁਰੂ ਸਾਹਿਬ ਦੇ ਵੇਲੇ ਦੀ ਇੱਕ ਬੇਰੀ ਹੈ. ਮਹਾਰਾਜਾ ਰਣਜੀਤ ਸਿੰਘ ਦੀ ਲਾਈ ੧੫੦ ਘੁਮਾਉਂ ਜ਼ਮੀਨ, ਅਤੇ ੫੦ ਰੁਪਯੇ ਸਾਲਾਨਾ ਜਾਗੀਰ ਹੈ. ਸਿੰਘ ਪੁਜਾਰੀ ਹੈ.
ਸਰੋਤ: ਮਹਾਨਕੋਸ਼