ਪਰਿਭਾਸ਼ਾ
अजमेरु. ਸੰਗ੍ਯਾ- ਚੌਹਾਨ ਵੰਸ਼ ਦੇ ਰਾਜਾ ਅਜਯਪਾਲ ਦਾ ਸੰਮਤ ੨੦੨ ਵਿੱਚ ਵਸਾਇਆ ਇੱਕ ਨਗਰ, ਜੋ ਹੁਣ ਰਾਜਪੂਤਾਨੇ ਵਿੱਚ ਮਸ਼ਹੂਰ ਸ਼ਹਿਰ ਹੈ. ਇਸ ਜਗਾ ਮੁਸਲਮਾਨਾਂ ਦੇ ਪ੍ਰਸਿੱਧ ਪੀਰ "ਖ੍ਵਾਜਾ ਮੁਈਨੁੱਦੀਨ ਚਿਸ਼ਤੀ"¹ ਦਾ ਰੌਜਾ ਹੈ, ਜੋ ਸਨ ੧੨੩੫ ਵਿੱਚ ਮੋਇਆ ਹੈ, ਪੀਰ ਦੀ ਖ਼ਾਨਕਾਹ ਅਤੇ ਮਕ਼ਬਰੇ ਨੂੰ "ਖ੍ਵਾਜਾ ਸਾਹਿਬ ਦੀ ਦਰਗਾਹ" ਆਖਦੇ ਹਨ, ਅਤੇ ਇਸ ਦੀ ਇੱਕ ਅਦਭੁਤ ਕਹਾਣੀ ਇਤਿਹਾਸਾਂ ਵਿੱਚ ਦੇਖੀ ਜਾਂਦੀ ਹੈ. ਇਸ ਪੀਰਖ਼ਾਨੇ ਦੇ ਮੁਜਾਵਰ ਮੁਹਿੰਮ ਲਈ ਚੜ੍ਹਾਈ ਕਰਨ ਵਾਲੇ ਸਿਪਹਸਾਲਾਰਾਂ, ਅਤੇ ਉਨ੍ਹਾਂ ਸ਼ਾਹਜ਼ਾਦਿਆਂ ਦੀਆਂ ਕਮਾਣਾਂ, ਜੋ ਸਲਤਨਤ ਦੇ ਹੱਕਦਾਰ ਹੁੰਦੇ ਸਨ, ਚਿੱਲੇ ਉਤਾਰਕੇ ਮੰਦਿਰ ਵਿੱਚ ਰੱਖ, ਦਰਵਾਜੇ ਬੰਦ ਕਰ ਦਿੰਦੇ ਸਨ. ਸਵੇਰੇ ਜਿਸ ਦੀ ਕਮਾਣ ਪੁਰ ਚਿੱਲਾ ਚੜ੍ਹਿਆ ਹੋਇਆ ਨਜਰ ਆਉਂਦਾ, ਉਹੀ ਖ਼ੁਦਾ ਵੱਲੋਂ ਫਤੇ ਪਾਉਣ ਵਾਲਾ ਅਤੇ ਰਾਜ ਦਾ ਅਧਿਕਾਰੀ ਮੰਨਿਆ ਜਾਂਦਾ ਸੀ. ਇਸੇ ਰੀਤਿ ਨਾਲ ਜਦ ਅਜਮੇਰ ਵਿੱਚ ਦਾਰਾਸ਼ਕੋਹ ਦੀ ਕਮਾਣ ਚੜ੍ਹ ਗਈ, ਤਦ ਔਰੰਗਜ਼ੇਬ ਨੇ ਤਖ਼ਤ ਪੁਰ ਬੈਠਕੇ ਪੂਰੀ ਖੋਜ ਕੀਤੀ, ਤਾਂ ਪਤਾ ਲੱਗਾ ਕਿ ਮੰਦਿਰ ਤੋਂ ਲੈ ਕੇ ਪੁਜਾਰੀਆਂ ਦੇ ਘਰ ਤੀਕ ਸੁਰੰਗ ਬਣੀ ਹੋਈ ਹੈ, ਜਿਸ ਵਿੱਚਦੀਂ ਮੁਜਾਵਰ ਆਪ ਆਕੇ ਕਮਾਣ ਪੁਰ ਚਿੱਲਾ ਚੜ੍ਹਾ ਦਿੰਦੇ ਹਨ. "ਨਿਜ ਘਰ ਤੇ ਸੁਰੰਗ ਕੇ ਰਾਹੂ। ਜਾਇ ਮੁਜਾਵਰ ਮੰਦਿਰ ਮਾਹੂ। ਅੰਦਰ ਦੇਹਿ ਕਮਾਨ ਚਢਾਇ। ਇਸ ਬਿਧਿ ਰਾਖੀ ਬਨਤ ਬਨਾਇ." (ਗੁਪ੍ਰਸੂ)
ਸਰੋਤ: ਮਹਾਨਕੋਸ਼