ਪਰਿਭਾਸ਼ਾ
ਮਹਾਂਪੁਰਖ ਬਾਬਾ ਅਜਾਪਾਲ ਸਿੰਘ ਸਾਹਿਬ ਕੌਨ ਸਨ, ਕਿਸ ਵੰਸ਼ ਅਤੇ ਨਗਰ ਵਿੱਚ ਪ੍ਰਗਟੇ, ਇਸ ਦਾ ਕਿਸੇ ਨੂੰ ਪਤਾ ਨਹੀਂ. ਇਹ ਮਹਾਂਪ੍ਰਤਾਪੀ ਸ਼ਸਤ੍ਰ ਵਿਦ੍ਯਾ ਦੇ ਆਚਾਰਯ, ਨਾਮ ਦੇ ਰਸੀਏ ਤਪ ਦੀ ਮੂਰਤੀ ਹੋਏ ਹਨ. ਸੰਮਤ ੧੮੧੨ ਵਿੱਚ ਰਾਜਪੂਤਾਨੇ ਦੇ ਭਾਦਰਾ ਨਗਰ ਵਿੱਚ ਕਿਸੇ ਰਾਜਪੂਤ ਰਈਸ ਦੀ ਸਹਾਯਤਾ ਕਰਨੀ ਅਤੇ ਜੀਂਦ ਪਟਿਆਲੇ ਪਾਸ ਜੰਗਲ ਵਿੱਚ ਨਿਵਾਸ ਕਰਨਾ ਸੁਣਿਆ ਗਿਆ ਹੈ, ਪਰ ਪੂਰੀ ਕਥਾ ਨਹੀਂ ਮਿਲਦੀਃ#ਬਾਬਾ ਜੀ ਨੇ ਸੰਮਤ ੧੮੩੦ ਵਿੱਚ ਨਾਭੇ ਕੋਲ ਇੱਕ ਝਿੜੀ ਵਿੱਚ ਨਿਵਾਸ ਕੀਤਾ, ਜਿੱਥੇ ਉਹ ਪਰਲੋਕ ਗਮਨ ਤੀਕ¹ ਰਹੇ. ਇੱਥੇ ਰਹਿਕੇ ਆਪ ਨੇ ਸਿੱਖ ਧਰਮ ਅਤੇ ਸ਼ਸਤ੍ਰ ਵਿਦ੍ਯਾ ਦਾ ਪੂਰਣ ਪ੍ਰਚਾਰ ਕੀਤਾ. ਬਾਬਾ ਜੀ ਦੇ ਅਦਭੁਤ ਸ਼ਸਤ੍ਰਾਂ ਦਾ ਹੁਣ ਭੀ ਗੁਰੁਦ੍ਵਾਰੇ ਦਰਸ਼ਨ ਹੁੰਦਾ ਹੈ. ਇਨ੍ਹਾਂ ਦੇ ਪਰਮ ਭਗਤ ਬਾਬਾ ਸਰੂਪ ਸਿੰਘ ਜੀ ਜੋ ਮੇਰੇ (ਗ੍ਰੰਥਕਰਤਾ ਦੇ) ਬਜ਼ੁਰਗ ਹੋਏ ਹਨ, ਬਾਬਾ ਜੀ ਦੇ ਪਰਲੋਕ ਗਮਨ ਪਿੱਛੋਂ ਗੁਰੁਦ੍ਵਾਰੇ ਦੇ ਮਹੰਤ ਥਾਪੇ ਗਏ. ਦੇਖੋ, ਸਰੂਪ ਸਿੰਘ ਬਾਬਾ.
ਸਰੋਤ: ਮਹਾਨਕੋਸ਼