ਪਰਿਭਾਸ਼ਾ
ਦਸ਼ਮੇਸ਼ ਜੀ ਦੇ ਵਡੇ ਸੁਪੁਤ੍ਰ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਦਾ ਜਨਮ ਮਾਤਾ ਸੁੰਦਰੀ ਜੀ ਦੇ ਉਦਰ ਤੋਂ ੨੩ ਮਾਘ, ਸੰਮਤ ੧੭੪੩ ਨੂੰ ਹੋਇਆ, ਅਤੇ ਚਮਕੌਰ ਦੇ ਧਰਮਯੁੱਧ ਵਿੱਚ ਵਡੀ ਵੀਰਤਾ ਨਾਲ ੮. ਪੋਹ ਸੰਮਤ ੧੭੬੧ ਨੂੰ ਸ਼ਹੀਦ ਹੋਏ।#੨. ਇੱਕ ਸੁਨਿਆਰੇ ਦਾ ਪੁਤ੍ਰ, ਜਿਸ ਨੂੰ ਮਾਤਾ ਸੁੰਦਰੀ ਜੀ ਨੇ ਸ਼੍ਰੀ ਅਜੀਤ ਸਿੰਘ ਜੇਹੀ ਸ਼ਕਲ ਦਾ ਵੇਖਕੇ ਪੁਤ੍ਰ ਬਣਾਇਆ. ਦਸ਼ਮੇਸ਼ ਜੀ ਨੇ ਜੋ ਸ਼ਸਤ੍ਰ ਮਾਤਾ ਸਾਹਿਬ ਕੌਰ ਜੀ ਨੂੰ ਬਖਸ਼ੇ ਸਨ, ਉਨ੍ਹਾਂ ਨੂੰ ਅਜੀਤ ਸਿੰਘ ਨੇ ਇੱਕ ਵੇਰ ਆਪਣੇ ਅੰਗ ਸਜਾਇਆ ਅਤੇ ਕੇਸਾਂ ਦੀ ਬੇਅਦਬੀ ਕਰ ਲਈ. ਇਸ ਤੋਂ ਮਾਤਾ ਸੁੰਦਰੀ ਜੀ ਨੇ ਤਿਆਗ ਦਿੱਤਾ. ਇਕ ਬੇਨਵੇ ਫਕੀਰ ਦੇ ਮਾਰਨ ਦਾ ਅਪਰਾਧ ਇਸ ਦੇ ਸਿਰ ਲਾ ਕੇ ਬਾਦਸ਼ਾਹ ਫ਼ੱਰੁਖ਼ਸਿਯਰ ਨੇ ਅਜੀਤ ਸਿੰਘ ਨੂੰ ਸੰਮਤ ੧੭੭੫ ਵਿੱਚ ਕ਼ਤਲ ਕਰਵਾ ਦਿੱਤਾ. ਇਸ ਦਾ ਦੇਹਰਾ ਸਬਜ਼ੀ ਮੰਡੀ ਕੋਲ ਦਿੱਲੀ ਹੈ. ਉਸ ਜਗਾ ਅਜੀਤੀ ਸੰਗਤ ਦਾ ਜੋੜ ਮੇਲ ਹੁੰਦਾ ਹੈ. ਹਠੀ ਸਿੰਘ.#੩. ਬੰਦਈ ਸਿੱਖਾਂ ਦੀ ਕਲਪਨਾ ਅਨੁਸਾਰ ਬਾਬੇ ਬੰਦੇ ਦਾ ਪੁਤ੍ਰ, ਜੋ ਸੰਮਤ ੧੭੭੭ ਵਿਚ ਪੈਦਾ ਹੋਇਆ।#੪. ਰਾਜਾ ਜਸਵੰਤ ਸਿੰਘ ਜੋਧਪੁਰੀਏ ਦਾ ਪੁਤ੍ਰ, ਜਿਸ ਦਾ ਜਨਮ ਸੰਮਤ ੧੭੩੬ ਅਤੇ ਦੇਹਾਂਤ ੧੭੮੧, ਵਿੱਚ ਹੋਇਆ. ਇਸ ਦੀ ਬੇਟੀ ਨਾਲ ਦਿੱਲੀ ਦੇ ਬਾਦਸ਼ਾਹ ਫ਼ਰਰੁਖ਼ਸਿਯਰ ਨੇ ਸ਼ਾਦੀ ਕੀਤੀ ਸੀ।#੫. ਰਾਜਾ ਸਾਹਿਬ ਸਿੰਘ ਪਟਿਆਲਾਪਤਿ ਦਾ ਰਾਣੀ ਆਨੰਦਕੌਰ ਦੇ ਪੇਟੋਂ ਪੁਤ੍ਰ, ਜਿਸ ਦਾ ਜਨਮ ਭਾਦੋਂ ਬਦੀ ੬. ਸੰਮਤ ੧੮੬੬ (੧ ਅਗਸਤ ਸਨ ੧੮੦੯) ਨੂੰ ਹੋਇਆ. ਇਹ ਮਹਾਰਾਜਾ ਕਰਮ ਸਿੰਘ ਜੀ ਦਾ ਛੋਟਾ ਭਾਈ ਸੀ। ੬. ਸੰਧਾਵਾਲੀਆ ਅਜੀਤ ਸਿੰਘ, ਜਿਸ ਨੇ ਮਹਾਰਾਜਾ ਸ਼ੇਰ ਸਿੰਘ ਲਾਹੌਰਪਤਿ ਨੂੰ ਬੰਦੂਕ ਨਾਲ ਮਾਰਕੇ ਆਪਣੇ ਪ੍ਰਾਣ ਭੀ ਦਿੱਤੇ. ਦੇਖੋ, ਸ਼ੇਰ ਸਿੰਘ। ੭. ਦੇਖੋ, ਸਾਹਿਬ ਸਿੰਘ ੪. ਅਤੇ ਵੇਦੀ ਵੰਸ਼.
ਸਰੋਤ: ਮਹਾਨਕੋਸ਼