ਅਜੀਰਣ
ajeerana/ajīrana

ਪਰਿਭਾਸ਼ਾ

ਸੰ. अजीरी- ਅਜੀਰ੍‍ਣ. ਵਿ- ਜੋ ਪੁਰਾਣਾ ਨਾ ਹੋਵੇ। ੨. ਸੰਗ੍ਯਾ- ਜਦ ਖਾਧਾ ਭੋਜਨ, ਜੀਰਣ ਨਹੀਂ ਹੁੰਦਾ (ਪਚਦਾ ਨਹੀਂ), ਉਸ ਨੂੰ ਅਜੀਰਣ ਅਥਵਾ ਮੰਦਾਗਨਿ ਰੋਗ ਆਖਦੇ ਹਨ. [سوُاءہضم] ਸੂਏ ਹਜਮ. ਅੰ. Dyspepsia. ਬਦਹਜਮੀ. ਬਹੁਤ ਖਾਣਾ, ਖਾਧੇ ਉੱਪਰ ਖਾਣਾ, ਭਰੇ ਪੇਟ ਕਰੜੀ ਮਿਹਨਤ ਕਰਨੀ, ਵੇਲੇ ਸਿਰ ਨਾ ਸੌਣਾ, ਸ਼ੋਕ ਦਾ ਹੋਣਾ, ਭੋਜਨ ਖਾਕੇ ਪਾਣੀ ਵਿਚ ਤਰਣਾ ਆਦਿ ਕਾਰਣਾਂ ਤੋਂ ਇਹ ਰੋਗ ਹੁੰਦਾ ਹੈ. ਅਨਪਚ ਦੇ ਰੋਗੀ ਨੂੰ ਲੰਘਨ ਕਰਨਾ ਹੱਛਾ ਹੈ. ਹਿੰਗ, ਤ੍ਰਿਕੁਟਾ, ਸੇਂਧਾ ਨਮਕ, ਸਿਰਕੇ ਵਿੱਚ ਪੀਹਕੇ ਨਾਭੀ ਉੱਪਰ ਲੇਪ ਕਰਨਾ ਲਾਭਦਾਇਕ ਹੈ.#ਕਾਲਾ ਜੀਰਾ, ਧਨੀਏ ਦੇ ਚਾਉਲ, ਮਘਾਂ, ਕਾਲੀ ਮਿਰਚਾਂ, ਸੁੰਢ, ਪਤ੍ਰਜ, ਸੌਂਫ ਦੇ ਚਾਉਲ, ਪਿੱਪਲਾਮੂਲ, ਚਿਤ੍ਰਾ, ਕਚੂਰ, ਜੰਗ ਹਰੜ, ਅੰਬਲਬੇਦ, ਇਲਾਚੀਆਂ, ਦੇਸੀ ਲੂਣ, ਕਾਲਾਲੂਣ, ਇਹ ਸਭ ਸਮ ਭਾਗ ਲੈ ਕੇ ਚੂਰਣ ਬਣਾਓ. ਡੇਢ ਅਥਵਾ ਦੋ ਮਾਸ਼ੇ ਦਿਨ ਵਿੱਚ ਦੋ ਵਾਰ ਜਲ ਨਾਲ ਫੱਕੀ ਲੈਣ ਤੋਂ ਅਜੀਰਣ ਰੋਗ ਹਟ ਜਾਂਦਾ ਹੈ.
ਸਰੋਤ: ਮਹਾਨਕੋਸ਼