ਪਰਿਭਾਸ਼ਾ
ਇਹ ਸ਼ਰਕਪੁਰ ਨਿਵਾਸੀ ਗ਼ਰੀਬ ਚੰਨੂ ਅਰਾਈਂ ਦਾ ਪੁੱਤ ਮਾਲ ਦੇ ਮਹਿਕਮੇ ਦਾ ਪਟਵਾਰੀ ਸੀ. ਆਪਣੀ ਲਿਆਕਤ ਨਾਲ ਵਧਦਾ ਵਧਦਾ ਜਲੰਧਰ ਦਾ ਨਵਾਬ ਹੋ ਗਿਆ, ਅਤੇ ਅੰਤ ਪੰਜਾਬ ਦਾ ਸੂਬੇਦਾਰ ਹੋਕੇ ਮੋਇਆ. ਇਸਦਾ ਅਸਲ ਨਾਉਂ ਬਹਰਾਮ ਜੰਗ ਸੀ. ਅਦੀਨਹ (ਸ਼ੁਕ੍ਰ) ਦੇ ਦਿਨ ਇਹ ਜੰਮਿਆ ਸੀ, ਇਸ ਲਈ ਅਦੀਨਾ ਬੇਗ ਨਾਉਂ ਪੈ ਗਿਆ. ਅਹਮਦ ਸ਼ਾਹ ਦੇ ਬੇਟੇ ਤੈਮੂਰ ਅਤੇ ਉਸ ਦੇ ਨਾਇਬ ਜਹਾਨ ਖ਼ਾਂ ਦਾ ਨਾਸ਼ ਕਰਨ ਲਈ ਇਸ ਨੇ ਪਹਿਲਾਂ ਸਿੱਖਾਂ ਨਾਲ ਫੇਰ ਮਰਹੱਟਿਆਂ ਨਾਲ ਮਿਤ੍ਰਤਾ ਗੰਢੀ, ਪਰ ਪੂਰਾ ਕਿਸੇ ਨਾਲ ਨਾ ਉੱਤਰਿਆ, ਕਿਉਂਕਿ ਮਨ ਦਾ ਖੋਟਾ ਸੀ. ਇਸ ਦਾ ਦੇਹਾਂਤ ਸੂਲ ਰੋਗ ਨਾਲ ਅੱਸੂ ਸੰਮਤ ੧੮੧੫ ਵਿੱਚ ਹੋਇਆ, ਅਤੇ ਜਾਲੰਧਰ ਲਾਗੇ ਖ਼ਾਨਪੁਰ ਦਫਨ ਕੀਤਾ ਗਿਆ. ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਜਿਕਰ ਹੈ ਕਿ ਕਰਤਾਰਪੁਰੀਏ ਸੋਢੀ ਵਡਭਾਗ ਸਿੰਘ ਅਤੇ ਖ਼ਾਲਸਾ ਦਲ ਦੀ ਸਹਾਇਤਾ ਨਾਲ ਅਦੀਨਾ ਬੇਗ ਨੇ ਸੰਮਤ ੧੮੧੩ ਵਿੱਚ ਜਾਲੰਧਰ ਫਤੇ ਕੀਤਾ. ਅਤੇ ਖ਼ਾਲਸੇ ਨੇ ਜਾਲੰਧਰ ਦੇ ਜਾਲਿਮ ਨਾਸਿਰ ਅਲੀ ਦੀ ਲਾਸ਼ ਕਬਰ ਵਿੱਚੋਂ ਕੱਢਕੇ ਫੂਕੀ, ਕਿਉਂਕਿ ਨਾਸਿਰ ਅਲੀ ਨੇ ਕਰਤਾਰਪੁਰ ਦਾ ਥੰਮ ਸਾਹਿਬ ਸਾੜਿਆ ਸੀ.
ਸਰੋਤ: ਮਹਾਨਕੋਸ਼