ਅਰਦਾਸਿ
arathaasi/aradhāsi

ਪਰਿਭਾਸ਼ਾ

ਸੰ. ਅਰ੍‍ਦ੍ਹ੍ਹ (ਮੰਗਣਾ) ਆਸ (ਆਸ਼ਾ). ਮੁਰਾਦ ਮੰਗਣ ਦੀ ਕ੍ਰਿਯਾ.#ਫ਼ਾ. [عرضداشت] ਅ਼ਰਜਦਾਸ਼੍ਤ. ਸੰਗ੍ਯਾ- ਪ੍ਰਾਰਥਨਾ. ਬੇਨਤੀ. ਵਿਨ੍ਯ. "ਅਰਦਾਸ ਬਿਨਾ ਜੋ ਕਾਜ ਸਿਧਾਵੈ." (ਤਨਾਮਾ) "ਅਰਦਾਸਿ ਸੁਨੀ ਭਗਤ ਅਪੁਨੇ ਕੀ." (ਸੋਰ ਮਃ ੫)#ਸਿੱਖ ਧਰਮ ਵਿੱਚ ਨਿੱਤ ਨੇਮ ਦੀ ਬਾਣੀ ਦਾ ਪਾਠ ਕਰਕੇ, ਅਤੇ ਹੋਰ ਅਨੇਕ ਕਾਰਜਾਂ ਦੀ ਨਿਰਵਿਘਨ ਪੂਰਤੀ ਲਈ, ਕੇਵਲ ਕਰਤਾਰ ਅੱਗੇ ਅਰਦਾਸ ਕਰਨੀ ਵਿਧਾਨ ਹੈ, ਅਤੇ ਅਰਦਾਸ ਕਰਨ ਵੇਲੇ ਦੋਵੇਂ ਹੱਥ ਜੋੜਕੇ ਖੜੇ ਹੋਣ ਦੀ ਆਗ੍ਯਾ ਹੈ, ਯਥਾ:-#"ਸੁਖ ਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ." (ਸਿਰੀ ਮਃ ੫)#"ਆਪੇ ਜਾਣੈ ਕਰੈ ਆਪਿ ਆਪੇ ਆਣੈ ਰਾਸਿ,#ਤਿਸੈ ਅਗੈ ਨਾਨਕਾ, ਖਲਿਇ ਕੀਚੈ ਅਰਦਾਸਿ."#(ਵਾਰ ਮਾਰੂ ੧. ਮਃ ੨)#"ਦੁਇ ਕਰ ਜੋਰਿ ਕਰਉ ਅਰਦਾਸਿ." (ਭੈਰ ਮਃ ੫)#"ਤੂੰ ਠਾਕੁਰ ਤੁਮ ਪਹਿ ਅਰਦਾਸਿ।#ਜੀਉ ਪਿੰਡੁ ਸਭ ਤੇਰੀ ਰਾਸਿ।#ਤੁਮ ਮਾਤ ਪਿਤਾ ਹਮ ਬਾਰਿਕ ਤੇਰੇ।#ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ।#ਕੋਇ ਨਾ ਜਾਨੈ ਤੁਮਰਾ ਅੰਤੁ।#ਊਚੇ ਤੇ ਊਚਾ ਭਗਵੰਤੁ।#ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ।#ਤੁਮ ਤੇ ਹੋਇ ਸੁ ਆਗਿਆਕਾਰੀ।#ਤੁਮਰੀ ਗਤਿ ਮਿਤਿ ਤੁਮ ਹੀ ਜਾਨੀ।#ਨਾਨਕ ਦਾਸ ਸਦਾ ਕੁਰਬਾਨੀ."#(ਸੁਖਮਨੀ)
ਸਰੋਤ: ਮਹਾਨਕੋਸ਼