ਪਰਿਭਾਸ਼ਾ
ਆਮ (ਕੱਚੇ) ਗਰਭ ਦਾ ਪਾਤ (ਡਿਗਣਾ). ਦੇਖੋ, ਗਰਭ ਸ੍ਰਾਵ। ੨. ਆਂਉਂ ਦੇ ਡਿਗਣ ਨੂੰ ਭੀ ਆਮਪਾਤ ਆਖਦੇ ਹਨ, ਜਠਰਾਗਨਿ ਦੇ ਨਿਰਬਲ ਹੋਣ ਤੋਂ ਅਨਪਚ ਦੇ ਕਾਰਣ ਅੰਨ ਦਾ ਕੱਚਾ ਰਸ ਵਿਕਾਰੀ ਹੋ ਜਾਂਦਾ ਹੈ. ਇਹੀ ਆਂਉਂ ਦੀ ਸ਼ਕਲ ਹੋ ਕੇ ਅੰਤੜੀ ਤੋਂ ਬਾਹਰ ਆਉਂਦਾ ਹੈ. ਆਂਉਂ ਵਿਚ ਬਹੁਤ ਦੁਰਗੰਧ ਹੁੰਦੀ ਹੈ ਅਰ ਪਾਣੀ ਵਿੱਚ ਡੁੱਬ ਜਾਂਦੀ ਹੈ. ਇਸ ਰੋਗ ਵਿੱਚ ਚਾਵਲ ਸਾਬੂਦਾਨਾ ਆਦਿਕ ਨਰਮ ਗਿਜਾ ਖਾਣੀ ਚਾਹੀਏ, ਭਾਰੀ ਅਤੇ ਕਰੜੇ ਭੋਜਨ ਦੁਖਦਾਈ ਹਨ. ਜੇ ਅੰਤੜੀ ਵਿੱਚ ਜ਼ਖਮ ਹੋ ਜਾਵੇ ਅਤੇ ਆਉਂ ਨਾਲ ਲਹੂ ਆਵੇ ਅਤੇ ਮੈਲ ਦਰਦ ਨਾਲ ਝੜੇ, ਤਦ ਇਸ ਨੂੰ ਮਰੋੜਾ ਅਥਵਾ ਪੇਚਿਸ਼ ਆਖਦੇ ਹਨ. ਦੇਖੋ, ਪੇਚਿਸ਼.#ਆਂਉਂ ਦੇ ਰੋਗੀ ਨੂੰ ਹਾਊਬੇਰ, ਅਦਰਕ, ਮੋਥਾ ਅਤੇ ਪਿੱਤ ਪਾਪੜਾ ਉਬਾਲਕੇ ਪਿਆਉਣਾ ਗੁਣਕਾਰੀ ਹੈ. ਬਿੱਲ ਦਾ ਗੁੱਦਾ ਗੁੜ ਨਾਲ ਮਿਲਾਕੇ ਖਾਣਾ ਜਾਂ ਚਾਯ ਦੀ ਤਰ੍ਹਾਂ ਪੀਣਾ ਚੰਗਾ ਹੈ. ਸੁੰਢ, ਚਿੱਟਾ ਜੀਰਾ, ਸੇਂਧਾ ਲੂਣ, ਹਿੰਗ, ਜਾਇਫਲ, ਅੰਬ ਦੀ ਗੁਠਲੀ, ਬਿੱਲ, ਕੱਥ ਅਤੇ ਭੜਿੰਗੀ ਦਾ ਚੂਰਣ ਦਹੀਂ ਨਾਲ ਫੱਕਣਾ ਬਹੁਤ ਹੱਛਾ ਅਸਰ ਕਰਦਾ ਹੈ. "ਆਮਪਾਤ ਅਰੁ ਸ੍ਰੋਣਤ ਪਾਤਾ." (ਚਰਿਤ੍ਰ ੪੦੫)
ਸਰੋਤ: ਮਹਾਨਕੋਸ਼