ਪਰਿਭਾਸ਼ਾ
ਸੰ. उतथ्य. ਸੰਗ੍ਯਾ- ਇਹ ਸ਼੍ਰੱਧਾ ਦੇ ਪੇਟ ਤੋਂ ਅੰਗਿਰਾ ਦਾ ਪੁਤ੍ਰ ਸੀ. ਇਸ ਨੇ ਸੋਮ ਦੀ ਪੁਤ੍ਰੀ "ਭਦ੍ਰਾ" ਨਾਲ ਵਿਆਹ ਕੀਤਾ. ਵਰੁਣ ਦੇਵਤਾ ਜੋਕਿ ਪਹਿਲੇ ਹੀ ਭਦ੍ਰਾ ਤੇ ਮੋਹਿਤ ਸੀ, ਉਸ ਨੂੰ ਉਤੱਥ ਦੀ ਕੁਟੀ ਵਿੱਚੋਂ ਚੁੱਕ ਲੈ ਗਿਆ. ਉਤੱਥ ਨੇ ਭਦ੍ਰਾ ਨੂੰ ਵਾਪਿਸ ਲੈਣ ਲਈ ਨਾਰਦ ਨੂੰ ਘੱਲਿਆ, ਪਰ ਵਰੁਣ ਨੇ ਨਾਂਹ ਕਰ ਦਿੱਤੀ. ਉਤੱਥ ਨੇ ਗੁੱਸੇ ਵਿੱਚ ਆ ਕੇ ਸਾਰਾ ਸਮੁੰਦਰ ਪੀ ਲੀਤਾ, ਫੇਰ ਭੀ ਵਰੁਣ ਨੇ ਭਦ੍ਰਾ ਨਾ ਦਿੱਤੀ. ਜਦ ਉਤੱਥ ਦੀ ਇੱਛਾ ਅਨੁਸਾਰ ਵਰਣ ਦਾ ਤਾਲ ਸੁੱਕਗਿਆ ਅਤੇ ਸਾਰਾ ਲੋਕ ਜਲ ਬਿਨਾ ਹੋ ਗਿਆ, ਤਾਂ ਵਰੁਣ ਨੇ ਆਕੇ ਉਤੱਥ ਦੀ ਸ਼ਰਣ ਲਈ ਅਤੇ ਭਦ੍ਰਾ ਮੋੜ ਦਿੱਤੀ. ਰਿਖੀ ਆਪਣੀ ਇਸਤ੍ਰੀ ਵਾਪਿਸ ਲੈ ਕੇ ਬਹੁਤ ਪ੍ਰਸੰਨ ਹੋਇਆ ਅਤੇ ਵਰੁਣ ਦੇ ਕਲੇਸ਼ ਦੂਰ ਕੀਤੇ.#ਮਹਾਂਭਾਰਤ ਵਿੱਚ ਕਥਾ ਹੈ ਕਿ ਉਤੱਥ ਦੀ ਇਸਤ੍ਰੀ "ਮਮਤਾ" ਸੀ. ਇਕ ਵਾਰ ਜਦਕਿ ਉਸ ਨੂੰ ਗਰਭ ਸੀ, ਤਦ ਉਤੱਥ ਦਾ ਛੋਟਾ ਭਾਈ ਵ੍ਰਿਹਸਪਤਿ ਕਾਮਾਤੁਰ ਹੋ ਕੇ ਭਰਜਾਈ ਪਾਸ ਪਹੁੰਚਿਆ, ਅਤੇ ਭੋਗ ਕਰਨ ਦੀ ਇੱਛਾ ਪ੍ਰਗਟ ਕੀਤੀ. ਮਮਤਾ ਨੇ ਅਤੇ ਗਰਭ ਵਿੱਚ ਇਸਥਿਤ ਬਾਲਕ ਨੇ ਵ੍ਰਿਹਸਪਤੀ ਨੂੰ ਇਸ ਕੁਕਰਮ ਤੋਂ ਵਰਜਿਆ. ਵ੍ਰਿਹਸਪਤਿ ਨੇ ਬੱਚੇ ਨੂੰ ਸ੍ਰਾਪ ਦਿੱਤਾ ਕਿ ਤੂੰ ਅੰਨ੍ਹਾ ਹੋਜਾ, ਇਸ ਕਰਕੇ ਬਾਲਕ ਦਾ ਨਾਉਂ "ਦੀਰਘਤਮਾ" ਹੋਇਆ. ਦੇਖੋ, ਭਰਦ੍ਵਾਜ.
ਸਰੋਤ: ਮਹਾਨਕੋਸ਼