ਪਰਿਭਾਸ਼ਾ
ਸ਼ਿਸ਼ੋਦਿਯਾ ਕੁਲ¹ ਦਾ ਇੱਕ ਪ੍ਰਸਿੱਧ ਰਾਜਾ, ਜੋ ਰਾਣਾ ਸਾਂਗਾ (ਸੰਗ੍ਰਾਮ ਸਿੰਘ) ਦਾ ਛੋਟਾ ਪੁਤ੍ਰ ਸੀ, ਅਤੇ ਚਤੌੜ ਦੀ ਗੱਦੀ ਉੱਪਰ ਸੰਮਤ ੧੫੯੯ (ਸਨ ੧੫੪੧- ੪੨) ਵਿੱਚ ਬੈਠਾ. ਇਹ ਵਡਾ ਕਾਇਰ ਅਤੇ ਆਪਣੇ ਖਾਨਦਾਨ ਦਾ ਨਾਉਂ ਡੋਬਣ ਵਾਲਾ ਸੀ. ਇਸ ਦੇ ਪ੍ਰਤਾਪੀ ਪੁਤ੍ਰ ਰਾਣਾ ਪ੍ਰਤਾਪ ਸਿੰਘ ਨੇ (ਜੋ ਰਾਜਪੂਤ ਵੰਸ਼ ਦਾ ਮਾਨ ਸਮਝਿਆ ਜਾਂਦਾ ਹੈ), ਆਪਣੇ ਪਿਤਾ ਦੇ ਨਾਉਂ ਤੇ ਉਦਯਪੁਰ ਨਗਰ ਵਸਾਇਆ, ਜੋ ਹੁਣ ਰਾਜਪੂਤਾਨੇ ਦੀ ਪ੍ਰਸਿੱਧ ਰਾਜਧਾਨੀ ਹੈ. ਦੇਖੋ, ਚਤੌੜਗੜ੍ਹ।#੨. ਅਲੀਪੁਰ (ਜਿਲਾ ਮੁਲਤਾਨ) ਦਾ ਵਸਨੀਕ ਮਾਈਦਾਸ ਦਾ ਪੁਤ੍ਰ ਮਨੀਰਾਮ ਰਾਜਪੂਤ ਸੀ, ਜਿਸ ਦੇ ਘਰ ਪੰਜ ਪੁਤ੍ਰ ਹੋਏ, ਜਿਨ੍ਹਾਂ ਨੂੰ ਉਸ ਨੇ ਕਲਗੀਧਰ ਦੇ ਅਰਪਨ ਕੀਤਾ, ਦਸ਼ਮੇਸ਼ ਨੇ ਇਨ੍ਹਾਂ ਪੰਜਾਂ ਨੂੰ ੧. ਵੈਸਾਖ ਸੰਮਤ ੧੭੫੬ ਨੂੰ ਅਮ੍ਰਿਤ ਛਕਾਕੇ ਖਾਲਸਾ ਸਜਾਇਆ ਅਤੇ ਸਿੱਖ ਧਰਮ ਦੀ ਸਿਖ੍ਯਾ ਦਿੱਤੀ. ਇਹ ਪੰਜ ਪੰਥ- ਰਤਨ- ਉਦਯ ਸਿੰਘ, ਅਜਬ ਸਿੰਘ, ਅਜਾਇਬ ਸਿੰਘ, ਅਨਕ ਸਿੰਘ ਅਤੇ ਵਿਚਿਤ੍ਰ ਸਿੰਘ ਸਨ.#ਉਦਯ ਸਿੰਘ ਜੀ ਨੇ ਇੱਕ ਵੇਰ ਸ਼ੇਰ ਮਾਰਕੇ ਉਸ ਦੀ ਖੱਲ ਦਸ਼ਮੇਸ਼ ਜੀ ਦੇ ਪੇਸ਼ ਕੀਤੀ। ਕਲਗੀਧਰ ਨੇ ਇਹ ਇੱਕ ਗਧੇ ਨੂੰ ਪਹਿਨਾਈ, ਜਿਸ ਤੋਂ ਨਿਰਭੈ ਹੋ ਕੇ ਉਹ ਖੇਤੀਆਂ ਖਾਣ ਲੱਗਾ ਅਰ ਗੂਣ ਦੇ ਬੋਝੇ ਤੋਂ ਉਸਨੇ ਛੁਟਕਾਰਾ ਪਾਇਆ, ਕਿਉਂਕਿ ਕਿਸੇ ਨੂੰ ਉਸ ਦੇ ਪਾਸ ਜਾਣ ਦਾ ਹੌਸਲਾ ਨਹੀਂ ਪੈਂਦਾ ਸੀ.#ਇੱਕ ਵੇਰ ਗਧਿਆਂ ਦੀ ਬੋਲੀ ਸੁਣਕੇ ਹੀਂਗਦਾ ਹੋਇਆ ਆਪਣੇ ਮਾਲਕ ਕੁਮ੍ਹਾਰ ਦੇ ਘਰ ਪਹੁੰਚਕੇ ਖੋਤਿਆਂ ਨਾਲ ਖਰਮਸਤੀ ਕਰਨ ਲੱਗਾ. ਕੁਮ੍ਹਾਰ ਨੇ ਗਧਾ ਪਛਾਣਕੇ ਸ਼ੇਰ ਦੀ ਖੱਲ ਲਾਹ, ਗੂੰਣ ਦੇ ਬੋਝੇ ਹੇਠ ਲੈਲਿਆ. ਦਸ਼ਮੇਸ਼ ਜੀ ਨੇ ਇਸ ਤੋਂ ਪੰਥ ਨੂੰ ਸਿਖ੍ਯਾ ਦਿੱਤੀ ਕਿ ਜੋ ਖਾਲਸਾ ਹੋਕੇ ਪੁਰਾਣੀ ਜਾਤਿ ਪਾਤਿ ਵਿੱਚ ਮੁੜ ਜਾ ਧਸਣਗੇ, ਉਨ੍ਹਾਂ ਦੀ ਇਹੀ ਦਸ਼ਾ ਹੋਊ.#ਸੰਮਤ ੧੭੫੮ ਦੇ ਜੰਗ ਵਿੱਚ ਰਾਜਾ ਕੇਸ਼ਰੀ ਚੰਦ ਜਸਵਾਲੀਏ ਦਾ ਸਿਰ ਵੱਢ, ਨੇਜ਼ੇ ਵਿੱਚ ਪਰੋਕੇ ਉਦਯ ਸਿੰਘ ਜੀ ਦਸ਼ਮੇਸ਼ ਦੇ ਹਜੂਰ ਲਿਆਏ ਸਨ. ਜਦ ਸਤਿਗੁਰੂ ਨੇ ਆਨੰਦ ਪੁਰ ਛੱਡਿਆ, ਤਦ ਏਹ ਕਲਗੀਧਰ ਦੇ ਨਾਲ ਸਨ. ਚਮਕੌਰ ਦੇ ਰਸਤੇ ਸੰਮਤ ੧੭੬੧ ਵਿੱਚ ਵੱਡੀ ਵੀਰਤਾ ਨਾਲ ਵੈਰੀਆਂ ਦਾ ਮੁਕਾਬਲਾ ਕਰਦੇ ਸ਼ਹੀਦ ਹੋਏ. ਯਥਾਃ- "ਪਹਰ ਏਕ ਲੌ ਰਨ ਪਰ੍ਯੋ ਮਹਾਂ ਪ੍ਰਬਲ ਇਕਸਾਰ। ਉਦਯ ਸਿੰਘ ਜੂਝੇ ਤਬੈਂ ਸਤਿਗੁਰੁ ਸਰਨ ਵਿਚਾਰ." (ਗੁਰੁਸ਼ੋਭਾ) ਇਨ੍ਹਾਂ ਦੇ ਛੋਟੇ ਭਾਈ ਭੀ ਧਰਮਜੁਧਾਂ ਵਿੱਚ ਸਦਾ ਤਨ ਮਨ ਤੋਂ ਦੇਸ ਅਤੇ ਕੌਮ ਦੀ ਸੇਵਾ ਪਰਾਯਣ ਰਹੇ. ਦੇਖੋ, ਵਿਚਿਤ੍ਰ ਸਿੰਘ।#੩. ਭਗਤੂਵੰਸ਼ੀ ਭਾਈ ਲਾਲ ਸਿੰਘ ਦਾ ਰਾਣੀ ਸਾਹਿਬ ਕੌਰ ਦੇ ਉਦਰੋਂ ਸੁਪੁਤ੍ਰ, ਜੋ ਕੈਥਲ ਦਾ ਮਹਾਰਾਜਾ ਸੀ, ਇਸ ਦੀ ਸਰਪਰਸ੍ਤੀ ਵਿੱਚ ਕਵਿਰਾਜ ਭਾਈ ਸੰਤੋਖ ਸਿੰਘ ਜੀ ਨੇ 'ਗੁਰਪ੍ਰਤਾਪ ਸੂਰਯ' ਦੀ ਰਚਨਾ ਕੀਤੀ ਹੈ. ਉਦਯ ਸਿੰਘ ਜੀ ਦਾ ਦੇਹਾਂਤ ਫੱਗੁਣ ਸੁਦੀ ੧੪. ਸੰਮਤ ੧੮੯੯ (੧੫ ਮਾਰਚ ਸਨ ੧੮੪੩) ਨੂੰ ਅਧਰੰਗ ਰੋਗ ਨਾਲ ਹੋਇਆ. ਦੇਖੋ! ਸੰਤੋਖ ਸਿੰਘ, ਕੈਥਲ ਅਤੇ ਭਗਤੂ.
ਸਰੋਤ: ਮਹਾਨਕੋਸ਼