ਪਰਿਭਾਸ਼ਾ
ਮਰਮਸ੍ਥਲ ਦਾ ਆਮਯ. ਸੰ. अन्तरविद्रधि- ਅੰਤਰਵਿਦ੍ਰਧਿ. ਅੰਤੜੀ ਦਾ ਫੋੜਾ. ਅੰਦਰ ਦਾ ਫੋੜਾ. ਖਾਣ ਪੀਣ ਦਾ ਸੰਜਮ ਨਾ ਕਰਨ ਤੋਂ, ਸ਼ਰਾਬ ਆਦਿਕ ਨਸ਼ਿਆਂ ਦੇ ਸੇਵਨ ਤੋਂ ਸ਼ਰੀਰ ਦੇ ਖਿਲਤ ਵਿਗੜ ਜਾਂਦੇ ਹਨ, ਜਿਸ ਤੋਂ ਲਹੂ ਵਿੱਚ ਵਿਕਾਰ ਹੋਕੇ ਅੰਦਰਲੇ ਅੰਗਾਂ ਦੀਆਂ ਗਿਲਟੀਆਂ ਵਿੱਚਸੋਜ ਪੈਦਾ ਹੋ ਜਾਂਦੀ ਹੈ. ਇਹ ਸੋਜ ਫੋੜਾ ਬਣਕੇ ਭਾਰੀ ਦੁਖ ਦਿੰਦੀ ਹੈ. ਹੌਲੀ ਹੌਲੀ ਪੀਪ ਪੈ ਜਾਂਦੀ ਹੈ. ਇਹ ਵਿਦ੍ਰਧਿ ਮੇਦੇ, ਨਾਭੀ, ਪੇਡੂ, ਜਿਗਰ, ਗੁਰਦੇ, ਤਿੱਲੀ ਆਦਿ ਵਿੱਚ ਹੋ ਕੇ ਭਾਰੀ ਦੁੱਖ ਦਿੰਦੀ ਹੈ. ਹਰ ਵੇਲੇ ਚੀਸ ਪੈਂਦੀ ਹੈ. ਨੀਂਦ ਨਹੀਂ ਆਉਂਦੀ.#ਇਸ ਦਾ ਸਭ ਤੋਂ ਚੰਗਾ ਉਪਾਉ ਇਹ ਹੈ ਕਿ ਸਿਆਣੇ ਡਾਕਟਰ ਤੋਂ ਫੋੜਾ ਚਿਰਵਾਇਆ ਜਾਵੇ ਅਤੇ ਲਹੂ ਸਾਫ ਕਰਨ ਵਾਲੀ ਅਤੇ ਕਬਜਕੁਸ਼ਾ ਦਵਾ ਵਰਤੀ ਜਾਵੇ. ਗਿਜਾ ਹਲਕੀ ਅਤੇ ਤਾਕਤ ਦੇਣਵਾਲੀ ਦੇਣੀ ਚਾਹੀਏ. ਹਰੜ ਅਤੇ ਸੁਹਾਂਜਣੇ ਦਾ ਰਸ ਪੀਣਾ ਬਹੁਤ ਗੁਣਕਾਰੀ ਹੈ. "ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ." (ਵਾਰ ਗਉ ੧. ਮਃ ੪)#ਇਸ ਦਾ ਭਾਵ ਇਹ ਹੈ ਕਿ ਜਿਸ ਤਰ੍ਹਾਂ ਉਮਰਥਲ ਦੀ ਚੀਸ ਨੂੰ ਰੋਗੀ ਹੀ ਜਾਣਦਾ ਹੈ, ਇਸੇ ਤਰ੍ਹਾਂ ਜਿਨ੍ਹਾਂ ਅੰਦਰ ਵਿਰਹ ਦੀ ਪੀੜ ਹੈ, ਉਸਨੂੰ ਵਿਰਹੀ ਹੀ ਅਨੁਭਵ ਕਰਦਾ ਹੈ.
ਸਰੋਤ: ਮਹਾਨਕੋਸ਼