ਪਰਿਭਾਸ਼ਾ
ਸੰ. उर्वशी- ਉਰ੍ਵਸ਼ੀ. ਸੰਗ੍ਯਾ- ਉਰੁ- ਅਸ਼. ਜੋ ਵਡੇ ਵਡਿਆਂ ਨੂੰ ਵਸ਼ ਕਰਦੀ ਹੈ. ਇੱਛਾ. ਖ੍ਵਾਹਿਸ਼। ੨. ਇੱਕ ਸੁਰਗ ਦੀ ਅਪੱਛਰਾ (ਅਪਸਰਾ) ਜਿਸ ਦਾ ਹਾਲ ਰਿਗਵੇਦ ਵਿੱਚ ਹੈ. ਇਹ ਨਾਰਾਯਣ ਦੇ ਉਰੁ (ਪੱਟ) ਤੋਂ ਉਪਜੀ, ਜਿਸ ਕਾਰਣ ਨਾਉਂ ਉਰਵਸੀ ਹੋਇਆ. ਮਹਾਂਭਾਰਤ ਵਿੱਚ ਲਿਖਿਆ ਹੈ ਕਿ ਮਿਤ੍ਰ ਅਤੇ ਵਰੁਣ ਦਾ ਉਰਵਸੀ ਨੂੰ ਦੇਖਕੇ ਵੀਰਯ ਡਿਗ ਪਿਆ, ਜਿਸ ਤੋਂ ਅਗਸ੍ਤਿ ਅਤੇ ਵਸ਼ਿਸ੍ਠ ਰਿਖੀ ਪੈਦਾ ਹੋਏ, ਇੱਕ ਵਾਰ ਉਰਵਸੀ ਨੇ ਇਨ੍ਹਾਂ ਦੋਹਾਂ ਰਿਖੀਆਂ ਨੂੰ ਗੁੱਸੇ ਕਰ ਦਿੱਤਾ, ਜਿਸ ਪੁਰ ਦੋਹਾਂ ਨੇ ਸ੍ਰਾਪ (ਸ਼ਾਪ) ਦਿੱਤਾ ਕਿ ਉਰਵਸੀ ਪ੍ਰਿਥਿਵੀ ਉੱਤੇ ਜਨਮਕੇ ਰਾਜਾ ਪੁਰੂਰਵਾ ਦੀ ਇਸਤ੍ਰੀ ਹੋਵੇ.#ਉਰਵਸੀ ਅਤੇ ਪੁਰੂਰਵਾ ਦੇ ਪ੍ਰੇਮ ਦੀ ਕਥਾ ਸ਼ਤਪਥ ਬ੍ਰਾਹਮਣ ਵਿੱਚ ਆਉਂਦੀ ਹੈ, ਅਤੇ ਕਵਿ ਕਾਲੀਦਾਸ ਨੇ ਭੀ "ਵਿਕ੍ਰਮੋਰ੍ਵਸ਼ਯ" ਨਾਟਕ ਵਿੱਚ ਉੱਤਮ ਰੀਤਿ ਨਾਲ ਇਹ ਪ੍ਰਸੰਗ ਲਿਖਿਆ ਹੈ. ਪਦਮ ਪੁਰਾਣ ਵਿੱਚ ਉਰਵਸੀ ਦੀ ਉਤਪੱਤੀ ਕਾਮਦੇਵ ਦੇ ਪੱਟ ਤੋਂ ਲਿਖੀ ਹੈ. "ਰੰਭਾ ਉਰਵਸੀ ਔਰ ਸਚੀ ਸੁ ਮੰਦੋਦਰੀ ਪੈ ਐਸੀ ਪ੍ਰਭਾ ਕਾਂਕੀ ਜਗ ਬੀਚ ਨ ਕਛੂ ਭਈ." ( ਕ੍ਰਿਸਨਾਵ) ੩. ਨਿਰੁਕਤ ਵਿੱਚ ਬਿਜਲੀ ਦਾ ਨਾਉਂ ਭੀ ਉਰਵਸ਼ੀ ਹੈ.
ਸਰੋਤ: ਮਹਾਨਕੋਸ਼