ਪਰਿਭਾਸ਼ਾ
ਸੰ. ਊਨ. ਵਿ- ਅਪੂਰਣ. ਨ੍ਯੂਨ. ਊਣਾ. "ਊਨੇ ਕਾਜ ਨ ਹੋਵਤ ਪੂਰੇ." (ਰਾਮ ਮਃ ੫) ੨. ਸੰਗ੍ਯਾ- ਇੱਕ ਛੋਟੀ ਅਸੀਲ ਤਲਵਾਰ, ਜੋ ਤਕੀਏ ਹੇਠ ਰੱਖੀ ਜਾ ਸਕੇ. "ਮਿਸਰੀ ਊਨਾ ਨਾਮ, ਸੈਫ ਸਰੋਹੀ ਸਸਤ੍ਰਪਤਿ." (ਸਨਾਮਾ) ੩. ਹੁਸ਼ਿਆਰਪੁਰ ਦੇ ਜਿਲੇ ਇੱਕ ਨਗਰ, ਜਿਸ ਥਾਂ ਤਸੀਲ ਹੈ. ਇਹ ਬਾਬਾ ਸਾਹਿਬ ਸਿੰਘ ਜੀ ਬੇਦੀ ਦੀ ਰਾਜਧਾਨੀ ਸੀ. ਸਨ ੧੮੪੮ ਵਿੱਚ ਬਾਬਾ ਵਿਕ੍ਰਮ ਸਿੰਘ ਜੀ ਦੇ ਵੇਲੇ ਅੰਗ੍ਰੇਜ਼ਾਂ ਨੇ ਇਸ ਨੂੰ ਜਬਤ ਕੀਤਾ. ਹੁਣ ਬਾਬਾ ਜੀ ਦੀ ਔਲਾਦ ਊਂਨੇ ਵਿੱਚ ਜਾਗੀਰਦਾਰ ਹੈ. ਦੇਖੋ, ਵੇਦੀਵੰਸ਼.#ਊਨੇ ਦੇ ਪਾਸ ਹੀ ਦੱਖਣ ਪੂਰਵ ਵੱਲ ਇੱਕ ਬਾਗ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਪਵਿਤ੍ਰ ਅਸਥਾਨ "ਦਮਦਮਾ ਸਾਹਿਬ" ਹੈ. ਗੁਰੁਦ੍ਵਾਰੇ ਨਾਲ ਛੀ ਘੁਮਾਉਂ ਦੇ ਬਾਗ ਤੋਂ ਛੁੱਟ ਹੋਰ ਕੋਈ ਜਾਗੀਰ ਨਹੀਂ. ਇਸ ਦਾ ਇੰਤਜਾਮ ਊਨੇ ਦੇ ਰਈਸ ਬੇਦੀ ਸਾਹਿਬ ਦੇ ਹੱਥ ਹੈ. ਊਨੇ ਲਈ ਰੇਲ ਦਾ ਸਟੇਸ਼ਨ "ਜੇਜੋਂ ਦੁਆਬਾ" ਹੈ, ਜਿਸ ਤੋਂ ੧੨. ਮੀਲ ਦੀ ਵਿੱਥ ਹੈ।#੪. ਭਾਰਤ ਦੇ ਉੱਤਰ ਪੱਛਮ ਸਿੰਧਨਦ ਅਤੇ ਸ੍ਵਾਤ ਦੇ ਮੱਧ ਇੱਕ ਪਹਾੜ, ਜੋ ਸਮੁੰਦਰ ਦੀ ਸਤਹ ਤੋਂ ੧੬੦੦ ਫੁਟ ਉੱਚਾ ਹੈ. ਇਸ ਨੂੰ ਯੂਨਾਨੀਆਂ ਨੇ ਸਿਕੰਦਰ ਦੇ ਇਤਿਹਾਸ ਵਿੱਚ Aornos ਲਿਖਿਆ ਹੈ. ਪਠਾਣਾਂ ਵਿੱਚ ਇਸ ਦਾ ਨਾਉਂ "ਪੀਰ ਸਰ" ਭੀ ਪ੍ਰਸਿੱਧ ਹੈ. ਜਨਮਸਾਖੀ ਅਨੁਸਾਰ ਗੁਰੂ ਨਾਨਕ ਦੇਵ ਦੇ ਚਰਣਾਂ ਨਾਲ ਊਨਾ ਪਵਿਤ੍ਰ ਹੋਇਆ ਹੈ.
ਸਰੋਤ: ਮਹਾਨਕੋਸ਼