ਪਰਿਭਾਸ਼ਾ
ਸੰਗ੍ਯਾ- ਕੱਚਾਪਨ. "ਕਚ ਪਕਾਈ ਓਥੈ ਪਾਇ." (ਜਪੁ) ੨. ਕੰਚ. ਕੱਚ. ਕਾਂਚ. "ਕਚਹੁ ਕੰਚਨ ਭਇਓ." (ਸਵੈਯੇ ਮਃ ੪. ਕੇ) ੩. ਦੇਖੋ, ਕਚੁ। ੪. ਸੰਗ੍ਯਾ- ਮਨੂਰ "ਪਾਰਸ ਪਰਸ ਕਚ ਕੰਚਨਾ ਹੁਇ" (ਸਵੈਯੇ ਮਃ ੪. ਕੇ) ੫. ਸੰ. ਕੇਸ਼ ਜੋ ਸਿਰ ਉੱਪਰ ਚਮਕਦੇ ਹਨ (कच् ਧਾ- ਚਮਕਣਾ. ਸ਼ਬਦ ਕਰਨਾ) "ਕਚ ਘੁੰਘਰਾਰੰ ਔ ਹਾਰੰ." (ਰਾਮਾਵ) "ਛਤ੍ਰੀ ਵੈਸਨ ਕੇ ਕਚ ਹਰੇ." (ਗੁਪ੍ਰਸੂ) ੬. ਬੱਦਲ. ਮੇਘ। ਵ੍ਰਿਹਸਪਤਿ ਦਾ ਬੇਟਾ. "ਬਾਰੁਨੀ ਕਉ ਕਵਿ ਸ੍ਯਾਮ ਭਨੈ ਕਚ ਕੇ ਹਿਤ ਤੋ ਭ੍ਰਿਗੁਨੰਦ ਕਰਾਯੋ." (ਕ੍ਰਿਸਨਾਵ)#ਬ੍ਰਹਮ੍ਵੈਵਰ੍ਤ ਅਤੇ ਮਹਾਭਾਰਤ ਆਦਿਕ ਵਿੱਚ ਕਥਾ ਹੈ ਕਿ ਦੈਤਾਂ ਦੇ ਗੁਰੂ ਸ਼ੁਕ੍ਰ ਨੇ ਮਹਾਦੇਵ ਤੋਂ "ਮ੍ਰਿਤਸੰਜੀਵਨੀ" ਵਿਦ੍ਯਾ ਸਿੱਖੀ, ਜਿਸ ਨਾਲ ਮੁਰਦਾ ਜੀ ਉਹੇ. ਵ੍ਰਿਹਸ੍ਪਤਿ ਦਾ ਪੁਤ੍ਰ ਕਚ, ਸ਼ੁਕ੍ਰ ਦਾ ਚੇਲਾ ਬਣਕੇ ਵਿਦ੍ਯਾ ਸਿੱਖਣ ਲੱਗਾ. ਦੈਤਾਂ ਨੇ ਵਿਚਾਰਿਆ ਕਿ ਜੇ ਕਚ ਮ੍ਰਿਤਸੰਜੀਵਨੀ ਵਿਦ੍ਯਾ ਸਿੱਖ ਗਿਆ, ਤਦ ਦੇਵਤਾ ਅਜੀਤ ਹੋ ਜਾਣਗੇ, ਕਿਉਂਕਿ ਜੋ ਜੰਗ ਵਿੱਚ ਮਰੇਗਾ, ਕਚ ਉਸ ਨੂੰ ਜਿਵਾ ਲਊ. ਦੈਤਾਂ ਨੇ ਇਸ ਡਾਹ ਨਾਲ ਕਚ ਮਾਰ ਦਿੱਤਾ. ਸ਼ੁਕ੍ਰ ਦੀ ਬੇਟੀ ਦੇਵਯਾਨੀ ਜੋ ਕਚ ਉੱਪਰ ਮੋਹਿਤ ਸੀ, ਉਸ ਕਚ ਬਿਨਾ ਵ੍ਯਾਕੁਲ ਹੋ ਗਈ ਅਰ ਆਪਣੇ ਬਾਪ ਨੂੰ ਆਖਕੇ ਕਚ ਜਿਉਂਦਾ ਕਰਾਲਿਆ. ਫੇਰ ਕਈ ਵਾਰ ਦੈਤਾਂ ਨੇ ਕਚ ਮਾਰਿਆ, ਪਰ ਦੇਵਯਾਨੀ ਦੀ ਕ੍ਰਿਪਾ ਨਾਲ ਹਰ ਵਾਰ ਜੀਵਨ ਨੂੰ ਪ੍ਰਾਪਤ ਹੁੰਦਾ ਰਹਿਆ. ਅੰਤ ਨੂੰ ਖਿਝਕੇ ਦੈਤਾਂ ਨੇ ਕਚ ਦਾ ਕੀਮਾ ਕਰਕੇ ਸ਼ਰਾਬ ਦੀ ਲਾਹਣ ਵਿੱਚ ਮਿਲਾਕੇ ਸ਼ਰਾਬ ਕੱਢੀ ਅਤੇ ਸ਼ੁਕ੍ਰ ਨੂੰ ਪਿਆਈ. ਜਦ ਦੇਵਯਾਨੀ ਦੇ ਕਹਿਣ ਤੇ ਕਚ ਨੂੰ ਸ਼ੁਕ੍ਰ ਨੇ ਬੁਲਾਇਆ, ਤਦ ਉਹ ਸ਼ੁਕ੍ਰ ਦੇ ਪੇਟ ਵਿੱਚ ਬੋਲਿਆ. ਸ਼ੁਕ੍ਰ ਨੇ ਕਚ ਨੂੰ ਆਪਣੇ ਪੇਟ ਵਿੱਚ ਹੀ ਮ੍ਰਿਤਸੰਜੀਵਨੀ ਵਿਦ੍ਯਾ ਸਿਖਾਈ, ਅਤੇ ਆਪਣਾ ਪੇਟ ਚਾਕ ਕਰਵਾਕੇ ਕਚ ਨੂੰ ਬਾਹਰ ਕੱਢਿਆ. ਕਚ ਨੇ ਵਿਦ੍ਯਾ ਦੇ ਪ੍ਰਭਾਵ ਨਾਲ ਸ਼ੁਕ੍ਰ ਨੂੰ ਜਿਵਾਲਿਆ.
ਸਰੋਤ: ਮਹਾਨਕੋਸ਼