ਪਰਿਭਾਸ਼ਾ
ਨਵਾਬ. ਸੰਮਤ ੧੭੯੭ ਵਿੱਚ ਸੂਬਾ ਲਹੌਰ ਨੇ ਸਬੇਗ ਸਿੰਘ ਵਕੀਲ ਦੀ ਰਾਹੀਂ ਨਵਾਬੀ ਖਿਤਾਬ, ਇੱਕ ਲੱਖ ਦੀ ਜਾਗੀਰ ਅਤੇ ਵਡਮੁੱਲਾ ਖਿਲਤ ਅਮ੍ਰਿਤਸਰ ਖ਼ਾਲਸੇ ਨੂੰ ਭੇਜਿਆ, ਤਾਕਿ ਪਰਸਪਰ ਮੇਲ ਹੋ ਜਾਵੇ, ਪਰ ਜਾਲਿਮਾਂ ਦੀ ਬਖਸ਼ਿਸ਼ ਕਿਸੇ ਸਿੰਘ ਨੇ ਲੈਣੀ ਪਸੰਦ ਨਾ ਕੀਤੀ. ਸਬੇਗ ਸਿੰਘ ਦੇ ਬਾਰ ਬਾਰ ਕਹਿਣ ਤੋਂ ਪੰਥ ਨੇ ਕਪੂਰ ਸਿੰਘ ਵਿਰਕ ਜੱਟ ਫ਼ੈਜੁੱਲਾਪੁਰੀਏ ਨੂੰ, ਜੋ ਉਸ ਵੇਲੇ ਦੀਵਾਨ ਵਿੱਚ ਪੱਖਾ ਕਰ ਰਿਹਾ ਸੀ, ਨਵਾਬ ਪਦਵੀ ਦਿੱਤੀ. ਇਹ ਧਰਮਵੀਰ ਪੰਥ ਦੀ ਵਡੀ ਸੇਵਾ ਕਰਦਾ ਰਿਹਾ, ਅਤੇ ਕਰਣੀ ਵਾਲੇ ਸਿੰਘਾਂ ਵਿੱਚ ਇਸ ਦੀ ਗਿਣਤੀ ਹੋਈ.#ਕਪੂਰ ਸਿੰਘ ਦਾ ਦੇਹਾਂਤ ਸੰਮਤ ੧੮੧੧ (ਸਨ ੧੭੫੩) ਵਿੱਚ ਅਮ੍ਰਿਤਸਰ ਹੋਇਆ, ਸਸਕਾਰ ਬਾਬਾ ਅਟਲ ਜੀ ਦੇ ਦੇਹਰੇ ਪਾਸ ਕੀਤਾ ਗਿਆ. ਦੇਖੋ, ਕਪੂਰਥਲਾ।#੨. ਫੂਲਵੰਸ਼ ਦੇ ਰਤਨ ਗੁਰਦਿੱਤੇ ਦਾ ਪੋਤਾ ਅਤੇ ਸੂਰਤੀਏ ਦਾ ਪੁਤ੍ਰ, ਜਿਸ ਨੇ ਆਪਣੇ ਨਾਉਂ ਕਪੂਰਗੜ੍ਹ ਵਸਾਇਆ, ਜੋ ਹੁਣ ਨਾਭੇ ਰਾਜ ਵਿੱਚ ਹੈ. ਇਸ ਦੇ ਸੰਤਾਨ ਨਹੀਂ ਸੀ, ਇਸ ਲਈ ਰਾਜ ਦਾ ਮਾਲਿਕ ਕਪੂਰ ਸਿੰਘ ਦਾ ਛੋਟਾ ਭਾਈ ਹਮੀਰ ਸਿੰਘ ਹੋਇਆ। ੩. ਦੇਖੋ, ਕਪੂਰਾ ੧.
ਸਰੋਤ: ਮਹਾਨਕੋਸ਼