ਕਰਮ ਸਿੰਘ
karam singha/karam singha

ਪਰਿਭਾਸ਼ਾ

ਰਾਣੀ ਆਸਕੌਰ ਦੇ ਉਦਰੋਂ ਰਾਜਾ ਸਾਹਿਬ ਸਿੰਘ ਜੀ ਪਟਿਆਲਾਪਤਿ ਦਾ ਸੁਪੁਤ੍ਰ, ਜਿਸ ਦਾ ਜਨਮ ਅੱਸੂ ਸੁਦੀ ੫. ਸੰਮਤ ੧੮੫੫ (੧੬ ਅਕਤਬੂਰ ਸਨ ੧੭੯੮) ਨੂੰ ਹੋਇਆ. ਇਹ ਪੰਦਰਾਂ ਵਰ੍ਹੇ ਦੀ ਉਮਰ ਵਿੱਚ ਹਾੜ ਸੁਦੀ ੨. ਸੰਮਤ ੧੮੭੦ (੩੦ ਜੂਨ ਸਨ ੧੮੧੩) ਨੂੰ ਪਟਿਆਲੇ ਦੇ ਰਾਜਸਿੰਘਾਸਨ ਤੇ ਬੈਠਾ. ਮਹਾਰਾਜਾ ਕਰਮ ਸਿੰਘ ਪੂਰਣ ਗੁਰਸਿੱਖ, ਸੂਰਵੀਰ, ਨਿਰਵਿਕਾਰ ਅਤੇ ਰਾਜ ਦਾ ਪ੍ਰਬੰਧ ਕਰਨ ਵਿੱਚ ਵਡਾ ਚਤੁਰ ਸੀ. ਆਪਣੇ ਰਾਜ ਵਿੱਚ ਅਤੇ ਹੋਰ ਅਨੇਕ ਗੁਰਦ੍ਵਾਰੇ ਇਸ ਮਹਾਤਮਾ ਰਾਜੇ ਨੇ ਪੱਕੇ ਬਣਵਾਏ ਅਤੇ ਜ਼ਮੀਨ ਜਗੀਰਾਂ ਲਾਈਆਂ.#ਮਹਾਰਾਜਾ ਕਰਮ ਸਿੰਘ ਦਾ ਦੇਹਾਂਤ ੨੩ ਦਿਸੰਬਰ ਸਨ ੧੮੪੫ ਨੂੰ ਪਟਿਆਲੇ ਹੋਇਆ.
ਸਰੋਤ: ਮਹਾਨਕੋਸ਼