ਪਰਿਭਾਸ਼ਾ
ਕ੍ਰਿ. ਵਿ- ਕੈਸੇ. ਕਿਉਂਕਰ. ਕਿਵੇਂ. ਕਿਸਤਰਾਂ. "ਰਾਮ ਕਹਤ ਜਨ ਕਸ ਨ ਤਰੇ?" (ਗਉ ਨਾਮਦੇਵ) ੨. ਸੰਗ੍ਯਾ- ਕਿੱਕਰ ਆਦਿਕ ਬਿਰਛਾਂ ਦੀ ਛਿੱਲ, ਜੋ ਖਿੱਚਕੇ ਲਾਹੀਦੀ ਹੈ. "ਕਰਿ ਕਰਣੀ ਕਸ ਪਾਈਐ." (ਆਸਾ ਮਃ ੧) ਇਸ ਦਾ ਮੂਲ ਕਸ਼ੀਦਨ ਹੈ। ੩. ਸੰ. ਕਸ਼. ਚਾਬੁਕ। ੪. ਸੰ. ਕਸ. ਸਾਣ. ਸ਼ਸਤ੍ਰ ਤੇਜ ਕਰਨ ਦਾ ਚਕ੍ਰ। ੫. ਕਸੌਟੀ. ਘਸਵੱਟੀ। ੬. ਪਰੀਖ੍ਯਾ. ਇਮਤਹਾਨ। ੭. ਫ਼ਾ. [کش] ਕਸ਼. ਖਿਚਾਉ. ਕਸ਼ਿਸ਼. ਦੇਖੋ, ਕਸ਼ਮਕਸ਼. ਜਦ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਾਂ ਅਰਥ ਹੁੰਦਾ ਹੈ ਖਿੱਚਣ ਵਾਲਾ, ਜਿਵੇਂ ਜਰੀਬਕਸ਼। ੮. ਫ਼ਾ. [کس] ਸਰਵ- ਕੋਈ. ਕੋਈ ਪੁਰਖ. "ਕਸ ਨੇਸ ਦਸਤੰਗੀਰ." (ਤਿਲੰ ਮਃ ੧) ੯. ਦੇਖੋ, ਕਸਣਾ. "ਤੁਫੰਗਨ ਮੇ ਗੁਲਿਕਾ ਕਸ ਮਾਰਤ." (ਗੁਪ੍ਰਸੂ) ਦੇਖੋ, ਕਸਿ। ੧੦. ਕਸਾਯ (ਕਸੈਲੇ) ਦਾ ਸੰਖੇਪ ਭੀ ਪੰਜਾਬੀ ਵਿੱਚ ਕਸ ਹੈ. ਜਿਵੇਂ- ਪਿੱਤਲ ਕਹੇਂ ਦੇ ਭਾਂਡੇ ਵਿੱਚ ਦਹੀਂ ਕਸ ਗਈ ਹੈ। ੧੧. ਕਣਸ ਦਾ ਸੰਖੇਪ ਭੀ ਕਸ ਹੈ. ਦੇਖੋ, ਕਣਸ.
ਸਰੋਤ: ਮਹਾਨਕੋਸ਼