ਪਰਿਭਾਸ਼ਾ
ਸੰ. ਕਾਸ਼ੀ. ਸੰਗ੍ਯਾ- ਵਾਰਾਣਸੀ. ਬਨਾਰਸ. ਯੂ. ਪੀ. ਵਿੱਚ ਹਿੰਦੂਆਂ ਦਾ ਪ੍ਰਧਾਨ ਨਗਰ, ਜੋ ਵਿਦ੍ਯਾ ਦੀ ਟਕਸਾਲ ਅਤੇ ਮਹਾਤੀਰਥ ਹੈ. ਸ਼ਿਵਪੁਰਿ. ਕਾਸੀ ਗੰਗਾ ਦੇ ਖੱਬੇ ਪਾਸੇ ਆਬਾਦ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਇਸ ਦੀ ਆਬਾਦੀ ੧੯੮੪੪੭ ਸੀ. "ਨਾ ਕਾਸੀ ਮਤਿ ਉਪਜੈ ਨਾ ਕਾਸੀ ਮਤਿ ਜਾਇ." (ਗੂਜ ਮਃ ੩)#ਹਿੰਦੁਸਤਾਨ ਵਿੱਚ ਕਾਸ਼ੀ ਦੀ ਮਹਿਮਾ ਚਿਰ ਕਾਲ ਤੋਂ ਹੈ. ਹਰੇਕ ਮਤ ਦੇ ਹਿੰਦੂ ਨੇ ਇਸ ਦੀ ਸ਼ੋਭਾ ਵਧਾਉਣ ਦਾ ਯਤਨ ਕੀਤਾ ਹੈ. ਔਰੰਗਜ਼ੇਬ ਨੇ ਕਾਸ਼ੀ ਦਾ ਨਾਉਂ ਮੁਹੰਮਦਾਬਾਦ ਰੱਖਿਆ ਸੀ ਅਤੇ ਵਿਸ਼੍ਵੇਸ਼੍ਵਰ ਨਾਥ ਦਾ ਪ੍ਰਸਿੱਧ ਮੰਦਿਰ ਤੋੜਕੇ ਇੱਕ ਵੱਡੀ ਮਸੀਤ ਚਿਣਵਾਈ, ਜੋ ਹੁਣ ਭੀ ਦੇਖੀ ਜਾਂਦੀ ਹੈ.#ਇਸ ਸ਼ਹਿਰ ਵਿੱਚ ਹੇਠ ਲਿਖੇ ਗੁਰਦ੍ਵਾਰੇ ਹਨ-#(ੳ) ਮਹੱਲਾ ਆਸਭੈਰੋ ਵਿੱਚ "ਵਡੀ ਸੰਗਤਿ" ਹੈ. ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਸੰਮਤ ੧੭੨੨ ਵਿੱਚ ਪਧਾਰੇ ਹਨ ਅਤੇ ਸੱਤ ਮਹੀਨੇ ਤੇਰਾਂ ਦਿਨ ਨਿਵਾਸ ਕੀਤਾ ਹੈ. ਜਿਸ ਗੁਫਾ ਵਿੱਚ ਏਕਾਂਤ ਧ੍ਯਾਨਪਰਾਇਣ ਰਹਿੰਦੇ ਸਨ, ਉਹ ਵਿਦ੍ਯਮਾਨ ਹੈ. ਪਟਨੇ ਤੋਂ ਪੰਜਾਬ ਨੂੰ ਆਉਂਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭੀ ਇਸ ਥਾਂ ਵਿਰਾਜੇ ਹਨ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਚੋਲਾ ਅਤੇ ਨੌਵੇਂ ਅਰ ਗੁਰੂ ਗੋਬਿੰਦ ਸਿੰਘ ਜੀ ਦੇ ਜੋੜੇ ਇੱਥੇ ਸਨਮਾਨ ਨਾਲ ਰੱਖੇ ਹੋਏ ਹਨ, ਜਿਨ੍ਹਾਂ ਦੇ ਦਰਸ਼ਨ ਸੰਕ੍ਰਾਂਤਿ ਵਾਲੇ ਦਿਨ ਕਰਾਇਆ ਜਾਂਦਾ ਹੈ. ਪੋਹ ਸੁਦੀ ੭, ਅੱਸੂ ਵਦੀ ੧੦. ਅਤੇ ਵੈਸਾਖੀ ਦੇ ਮੇਲੇ ਹੁੰਦੇ ਹਨ.#ਮਹਾਰਾਜਾ ਨਰੇਂਦ੍ਰ ਸਿੰਘ ਪਟਿਆਲਾਪਤਿ ਨੇ ਸੰਮਤ ੧੯੧੧ ਵਿੱਚ ਬਹੁਤ ਧੰਨ ਖਰਚਕੇ ਇੱਕ ਸ਼ੀਸ਼ਮਹਿਲ ਬਣਵਾਇਆ ਅਤੇ ਦੋ ਰੁਪਯੇ ਰੋਜ ਦਾ ਲੰਗਰ ਲਗਾਇਆ. ਗੁਰਦ੍ਵਾਰੇ ਨੂੰ ਆਮਦਨ ਕੁਝ ਮਕਾਨਾਂ ਦੇ ਕਿਰਾਏ ਦੀ ਅਤੇ ਕੁਝ ਲੇਢੂਪੁਰਾ ਪਿੰਡ ਵਿੱਚੋਂ ਆਉਂਦੀ ਹੈ. ਪੁਜਾਰੀ ਭਾਈ ਈਸਰ ਸਿੰਘ ਜੀ ਨਿਹੰਗ ਹਨ, ਜਿਨ੍ਹਾਂ ਨੇ ਉੱਦਮ ਕਰਕੇ ਲੋਕਾਂ ਦੇ ਹੱਥ ਗਈ ਗੁਰਦ੍ਵਾਰੇ ਦੀ ਜਾਯਦਾਦ ਨੂੰ, ਮੁੜ ਸਤਿਗੁਰੂ ਦੇ ਨਾਉਂ ਵਡੇ ਯਤਨ ਨਾਲ ਅਦਾਲਤ ਤੋਂ ਕਰਵਾਇਆ ਹੈ.#(ਅ) ਲਕਸਾ ਮਹਾਲ ਵਿੱਚ ਗੁਰੂ ਕਾ ਬਾਗ ਗੁਰਦ੍ਵਾਰਾ ਹੈ. ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਰਾਜੇ ਹਨ ਅਤੇ ਗੋਪਾਲ ਪਾਂਡੇ ਨੂੰ ਉੱਤਮ ਉਪਦੇਸ਼ ਦਿੱਤਾ ਹੈ.#(ੲ) ਜਗਤ ਗੰਜ ਵਿੱਚ "ਛਟੀ ਸੰਗਤਿ" ਗੁਰਦ੍ਵਾਰਾ ਹੈ। ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਕੁਝ ਸਮਾਂ ਵਿਰਾਜੇ ਹਨ. ਇਸ ਦੀ ਹਾਲਤ ਬਹੁਤ ਢਿੱਲੀ ਹੈ.#(ਸ) ਕਾਸ਼ੀ ਤੋਂ ਤਿੰਨ ਕੋਹ ਗੰਗਾ ਪਾਰ ਛੋਟੇ ਮਿਰਜਾਪੁਰ ਦੀ ਜ਼ਮੀਨ ਵਿੱਚ ਸੋਲਾਂ ਵਿੱਘੇ ਦਾ ਗੁਰੂ ਕਾ ਬਾਗ ਹੈ. ਇਸ ਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਵਡੀ ਸੰਗਤਿ ਵਿੱਚ ਵਿਰਾਜਣ ਸਮੇਂ ਇੱਕ ਵਾਰ ਪਧਾਰੇ ਹਨ. ਇਹ ਰੇਲਵੇ ਸਟੇਸ਼ਨ ਅਹਰੋਰਾ ਤੋਂ ਤਿੰਨ ਮੀਲ ਉੱਤਰ ਹੈ.#ਉਦਾਸੀ ਅਤੇ ਨਿਰਮਲੇ ਸੰਤਾਂ ਦੇ ਕਰੀਬ ਚਾਲੀ ਥਾਂ ਕਾਸ਼ੀ ਵਿੱਚ ਅਜਿਹੇ ਹਨ, ਜਿਨ੍ਹਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।#੨. ਕਾਂਸ੍ਯ. ਕੈਂਹਾਂ। ੩. ਕਾਂਸ੍ਯ (ਕਾਂਸੀ) ਦਾ ਵਾਜਾ. "ਕਾਸੀ ਫੂਟੀ ਪੰਡਿਤਾ! ਧੁਨਿ ਕਹਾ ਸਮਾਈ?" (ਬਿਲਾ ਕਬੀਰ) ੪. ਵਿ- ਚਮਤਕਾਰੀ. ਦੇਖੋ, ਕਾਸ ੩. "ਕਾਸੀ ਕ੍ਰਿਸਨ ਚਰਾਵਤ ਗਾਊ ਮਿਲਿ ਹਰਿਜਨ ਸੋਭਾ ਪਾਈ." (ਮਲਾ ਮਃ ੪)
ਸਰੋਤ: ਮਹਾਨਕੋਸ਼
KÁṆSÍ
ਅੰਗਰੇਜ਼ੀ ਵਿੱਚ ਅਰਥ2
s. f, kind of metal, bell metal; the name of metal of which drinking vessels and thálís (dishes) are generally made.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ