ਕੈਥਲ
kaithala/kaidhala

ਪਰਿਭਾਸ਼ਾ

ਕਰਨਾਲ ਜ਼ਿਲੇ ਦੀ ਤਸੀਲ ਦਾ ਪ੍ਰਧਾਨ ਨਗਰ, ਜੋ ਕਰਨਾਲ ਤੋਂ ੧੯. ਕੋਹ ਪੱਛਮ ਕੁਰੁਕ੍ਸ਼ੇਤ੍ਰਭੂਮਿ ਵਿੱਚ ਹੈ. ਇਹ ਸ਼ਹਿਰ ਯੁਧਿਸ੍ਠਿਰ ਨੇ ਵਸਾਇਆ. ਹਨੁਮਾਨ ਦੀ ਮਾਤਾ ਅੰਜਿਨਾ ਦਾ ਮੰਦਿਰ ਹੋਣ ਕਰਕੇ ਨਾਮ "ਕਪਿਸ੍‍ਥਲ" ਥਾਪਿਆ. ਭਗਤੂਵੰਸ਼ੀ ਭਾਈ ਗੁਰੁਬਖ਼ਸ਼ ਸਿੰਘ ਦੇ ਸੁਪੁਤ੍ਰ ਭਾਈ ਦੇਸੂ ਸਿੰਘ ਨੇ ਮੁਲਕ ਮੱਲਕੇ ਕੈਥਲ ਨੂੰ ਸਨ ੧੭੬੭ ਵਿੱਚ ਆਪਣੀ ਰਾਜਧਾਨੀ ਬਣਾਇਆ. ਇਸ ਦੇ ਪੁਤ੍ਰ ਲਾਲ ਸਿੰਘ ਅਤੇ ਪੋਤੇ ਭਾਈ ਉਦਯ ਸਿੰਘ ਨੇ ਰਾਜ ਚੰਗੀ ਤਰਾਂ ਕੀਤਾ. ਭਾਈ ਉਦਯ ਸਿੰਘ ਦੇ ਦਰਬਾਰ ਦੇ ਕਵੀਰਾਜ ਭਾਈ ਸੰਤੋਖ ਸਿੰਘ ਨੇ ਇਸੇ ਨਗਰ ਵਿੱਚ ਰਹਿਕੇ ਗੁਰੁਪ੍ਰਤਾਪਸੂਰਯ ਆਦਿਕ ਪੁਸਤਕ ਰਚੇ ਹਨ. ਭਾਈ ਉਦਯ ਸਿੰਘ ਦੇ ਸੰਤਾਨ ਨਹੀਂ ਹੋਈ. ਇਸ ਲਈ ੧੫. ਮਾਰਚ ਸਨ ੧੮੪੩ ਨੂੰ ਉਸ ਦੇ ਦੇਹਾਂਤ ਹੋਣ ਪੁਰ ਇਹ ਰਿਆਸਤ ਅੰਗ੍ਰੇਜ਼ੀ ਰਾਜ ਵਿੱਚ ਮਿਲ ਗਈ.¹#ਕੈਂਥਲ ਵਿੱਚ ਨੌਮੇ ਸਤਿਗੁਰੂ ਦੇ ਦੋ ਗੁਰਦ੍ਵਾਰੇ ਹਨ- ਇੱਕ ਠੰਢਾਰ ਤੀਰਥ ਪੁਰ, ਦੂਜਾ ਸ਼ਹਿਰ ਵਿੱਚ. ਬਾਹਰ ਦੇ ਗੁਰਦ੍ਵਾਰੇ ਦੇ ਨਾਲ ਦਸ ਵਿੱਘੇ ਜ਼ਮੀਨ ਹੈ. ਇਸ ਥਾਂ ਗੁਰੂ ਸਾਹਿਬ ਦੇ ਵੇਲੇ ਦਾ ਇੱਕ ਨਿੰਮ ਦਾ ਬਿਰਛ ਹੈ, ਜਿਸ ਦੇ ਪੱਤੇ ਖਵਾਕੇ ਸਤਿਗੁਰੂ ਨੇ ਰੋਗੀ ਦਾ ਤਾਪ ਦੂਰ ਕੀਤਾ ਸੀ.#ਬਾਹਰ ਦੇ ਗੁਰਦ੍ਵਾਰੇ ਨੂੰ ਸੌ ਰੁਪਯਾ ਰਿਆਸਤ ਪਟਿਆਲੇ ਤੋਂ ਅਤੇ ਸੈਂਤਾਲੀ ਰੁਪਯੇ ਰਿਆਸਤ ਜੀਂਦ ਤੋਂ ਸਾਲਾਨਾ ਮਿਲਦੇ ਹਨ. ਭਾਈ ਉਦਯ ਸਿੰਘ ਦੀ ਦਿੱਤੀ ਹੋਈ ਸੌ ਵਿੱਘੇ ਜ਼ਮੀਨ ਹੈ. ਦੋਖੇ, ਭਗਤੂ ਭਾਈ.
ਸਰੋਤ: ਮਹਾਨਕੋਸ਼