ਪਰਿਭਾਸ਼ਾ
ਸੰ. ਸੰਗ੍ਯਾ- ਜਿਸ ਦੇ ਮੂੰਹ ਦਾ ਖੰ (ਸੁਰਾਖ਼) ਵਡਾ ਹੋਵੇ, ਗਧਾ. ਦੇਖੋ, ਨੰਃ ੧੧. "ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੨. ਇੱਕ ਰਾਖਸ, ਜੋ ਦੂਖਣ (ਦੂਸਣ), ਦਾ ਭਾਈ ਸੀ. "ਦੂਖਣ ਔ ਖਰ ਦੈਤ ਪਠਾਏ." (ਰਾਮਾਵ) ਇਸ ਨੂੰ ਰਾਮਚੰਦ੍ਰ ਜੀ ਨੇ ਦੰਡਕਬਣ ਵਿੱਚ ਮਾਰਿਆ ਸੀ। ੩. ਕੰਡਾ. ਕੰਟਕ. ਦੇਖੋ, ਫ਼ਾ. ਖ਼ਾਰ. "ਤਿਸ ਖਰ ਧਾਰੇ ਦੇਹ ਪਰ ਯਾਂਤੇ ਸੋ ਮਲੀਨ ਹੈ." (ਨਾਪ੍ਰ) ਕਮਲ ਨੇ ਸ਼ਰੀਰ ਪੁਰ ਕੰਡੇ- ਧਾਰਣ ਕੀਤੇ ਹੋਏ ਹਨ। ੪. ਕਾਉਂ। ੫. ਬਗੁਲਾ. ਵਕ। ੬. ਵਿ- ਤਿੱਖਾ. ਤੇਜ਼. "ਖਰ ਕ੍ਰਿਪਾਣ ਕਰ ਗਹੀ ਕਾਲ." (ਸਲੋਹ) ੭. ਤੱਤਾ. ਤਪ੍ਤ। ੮. ਬੇਰਹਮ. ਕਠੋਰ ਦਿਲ ਵਾਲਾ। ੯. ਸੰ. क्षर् ਕ੍ਸ਼ਰ੍. ਧਾ. ਖਰਣਾ. ਪਘਰਣਾ. "ਬਡੇ ਬਡੇ ਬੀਰ ਬਰ ਓਰਾ ਸਮ ਖਰਗੇ." (ਠਾਕੁਰ) ੧੦. ਸੰਗ੍ਯਾ- ਖਲ (ਖਲੀ) ਦੇ ਥਾਂ ਭੀ ਖਰ ਸ਼ਬਦ ਹੈ. "ਖਰ ਕੋ ਟੁਕਰੋ ਹਾਥ ਹਮਾਰੇ ਪੈ ਧਰ੍ਯੋ." (ਚਰਿਤ੍ਰ ੧੯੨) ੧੧. ਫ਼ਾ. [خر] ਖ਼ਰ. ਗਧਾ। ੧੨. ਸਾਜ ਬਜਾਉਣ ਦਾ ਡੰਡਾ, ਮਿਜ਼ਰਾਬ. ਚੋਬ. ਡੱਗਾ. "ਸੱਟ ਪਈ ਖਰ ਚਾਮੀ." (ਚੰਡੀ ੩) ਚੰਮ (ਨਗਾਰੇ) ਉੱਤੇ ਖਰ (ਡੱਗੇ) ਦੀ ਸੱਟ ਪਈ. ਦੇਖੋ, ਖਰਚਾਮ। ੧੩. ਸਾਰੰਗੀ ਦਾ ਗਜ਼। ੧੪. ਵਿ- ਵਡਾ। ੧੫. ਖੁਰਦਰਾ. ਖਰਵਾ.
ਸਰੋਤ: ਮਹਾਨਕੋਸ਼