ਖੁਸ਼ਾਲਸਿੰਘ
khushaalasingha/khushālasingha

ਪਰਿਭਾਸ਼ਾ

ਇਕਰੀ ਪਿੰਡ (ਪਰਗਨਾ ਮੇਹਰਟ) ਦਾ ਵਸਨੀਕ ਗੌੜ ਬ੍ਰਾਹਮਣ, ਜੋ ਹਰਿਗੋਬਿੰਦ ਦਾ ਪੁਤ੍ਰ ਸੀ. ਇਹ ਸੰਮਤ ੧੮੬੪ ਵਿੱਚ ਸਿੰਘਸਾਹਿਬ (ਮਹਾਰਾਜਾ ਰਣਜੀਤ ਸਿੰਘ) ਦੀ ਫੌਜ ਵਿੱਚ ਧੌਂਕਲ ਸਿੰਘ ਦੀ ਪਲਟਨ ਵਿੱਚ ਸਿਪਾਹੀ ਭਰਤੀ ਹੋਇਆ. ਇਸ ਦੇ ਸੁੰਦਰ ਡੀਲ ਨੂੰ ਦੇਖਕੇ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਕਿ ਕੇਹਾ ਚੰਗਾ ਹੁੰਦਾ, ਜੇ ਏਹ ਜਵਾਨ ਸਿੰਘ ਹੁੰਦਾ. ਖੁਸ਼ਾਲਾ ਝਟ ਖ਼ੁਸ਼ਾਲ ਸਿੰਘ ਬਣ ਗਿਆ. ਇਸ ਨੇ ਆਪਣੇ ਬੇਟੇ ਰਾਮਲਾਲ ਅਤੇ ਭਤੀਜੇ ਤੇਜੂ ਨੂੰ ਭੀ ਰਾਮ ਸਿੰਘ ਅਤੇ ਤੇਜ ਸਿੰਘ ਬਣਾ ਦਿੱਤਾ ਸੀ. ਇਸ ਤਰਾਂ ਮਹਾਰਾਜਾ ਦੀ ਕ੍ਰਿਪਾ ਦਾ ਪਾਤ੍ਰ ਹੋ ਕੇ ਏਹ ਹੌਲੀ ਹੌਲੀ ਮਹਾਰਾਜਾ ਦੀ ਡਿਹੁਡੀ ਦਾ ਜਮਾਦਾਰ ਹੋ ਗਿਆ. ਖੁਸ਼ਾਲ ਸਿੰਘ ਦਾ ਦੇਹਾਂਤ ਸਨ ੧੮੪੪ ਵਿੱਚ ਹੋਇਆ ਹੈ. ਇਸ ਦੀ ਵੰਸ਼ ਦੀ ਰਾਜਧਾਨੀ ਸ਼ੇਖੂਪੁਰਾ ਹੈ, ਜਿਸ ਨਾਲ ੧੮੦ ਪਿੰਡ ਕਈ ਜਿਲਿਆਂ (ਸ਼ੇਖ਼ੂਪੁਰਾ, ਸਿਆਲਕੋਟ, ਲਹੌਰ ਅਤੇ ਅੰਮ੍ਰਿਤਸਰ) ਵਿੱਚ ਹਨ. ਆਮਦਨ ੧੨੦੦੦੦ ਹੈ.
ਸਰੋਤ: ਮਹਾਨਕੋਸ਼