ਖੈਰਾਬਾਦ
khairaabaatha/khairābādha

ਪਰਿਭਾਸ਼ਾ

ਇਹ ਪਿੰਡ ਜਿਲਾ, ਤਸੀਲ, ਥਾਣਾ ਅੰਮ੍ਰਿਤਸਰ ਵਿੱਚ ਹੈ, ਜੋ ਰੇਲਵੇ ਸਟੇਸ਼ਨ ਅਮ੍ਰਿਤਸਰ ਤੋਂ ਵਾਯਵੀ ਕੋਣ ਚਾਰ ਮੀਲ ਦੇ ਕਰੀਬ ਹੈ. ਇਸ ਪਿੰਡ ਤੋਂ ਅਗਨਿ ਕੋਣ ਅੱਧ ਮੀਲ ਦੇ ਕਰੀਬ ਦੋ ਗੁਰਦ੍ਵਾਰੇ ਹਨ.#(੧) ਗੁਰਪਲਾਹ. ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਇਸ ਪਾਸੇ ਸ਼ਿਕਾਰ ਖੇਡਣ ਆਉਂਦੇ ਤਾਂ ਇੱਥੇ ਇੱਕ ਪਲਾਸ ਬਿਰਛ ਪਾਸ ਵਿਰਾਜਿਆ ਕਰਦੇ ਸਨ. ਗੁਰਦ੍ਵਾਰਾ ਏਕਾਂਤ ਅਸਥਾਨ ਵਿੱਚ ਹੈ. ਇਰਦ ਗਿਰਦ ਬਹੁਤ ਸੰਘਣੇ ਦਰਖ਼ਤ ਹਨ. ਛੋਟਾ ਜਿਹਾ ਦਰਬਾਰ ਬਣਿਆ ਹੋਇਆ ਹੈ, ਨਾਲ ੬. ਵਿੱਘੇ ਦੇ ਕ਼ਰੀਬ ਜ਼ਮੀਨ ਹੈ.#(੨) ਕਲਪਬਿਰਛ. ਇਹ ਭੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਸਥਾਨ ਹੈ. ਇੱਥੇ ਕਾਬੁਲ ਦੀ ਸੰਗਤ ਡਾਕੂਆਂ ਨੇ ਲੁੱਟ ਲਈ ਸੀ. ਗੁਰੂ ਸਾਹਿਬ ਨੇ ਪਹੁੰਚਕੇ ਕੁਕਰਮੀਆਂ ਨੂੰ ਦੰਡ ਦਿੱਤਾ ਅਤੇ ਅੱਗੇ ਨੂੰ ਸਿੱਖ ਬਣਾਕੇ ਸੁਮਾਰਗ ਪਾਏ.#ਇੱਕ ਥੜਾ ਪੱਕੀਆਂ ਇੱਟਾਂ ਦਾ ਸਾਧਾਰਨ ਜਿਹਾ ਬਣਿਆ ਹੋਇਆ ਹੈ, ੬. ਵਿੱਘੇ ਦੇ ਕ਼ਰੀਬ ਜ਼ਮੀਨ ਦਾ ਅਹਾਤਾ ਹੈ, ਪੁਜਾਰੀ ਕੋਈ ਨਹੀਂ ਹੈ। ੨. ਅਟਕ ਦੇ ਪਾਸ ਇੱਕ ਸ਼ਹਿਰ.
ਸਰੋਤ: ਮਹਾਨਕੋਸ਼