ਖੜਗਸਿੰਘ
kharhagasingha/kharhagasingha

ਪਰਿਭਾਸ਼ਾ

ਦਸਮਗ੍ਰੰਥ ਦੇ ਕ੍ਰਿਸਨਾਵਤਾਰ ਵਿੱਚ ਵਰਣਨ ਕੀਤਾ ਇੱਕ ਯੋਧਾ, ਜੋ ਜਰਾਸੰਧ ਦਾ ਮਿਤ੍ਰ ਸੀ, ਇਸ ਨੇ ਕਈ ਵਾਰ ਕ੍ਰਿਸਨ ਜੀ ਅਤੇ ਹੋਰ ਸੈਨਾਨੀਆਂ ਨੂੰ ਸ਼ਿਕਸਤ ਦਿੱਤੀ, ਅੰਤ ਨੂੰ ਛਲ ਨਾਲ ਮਾਰਿਆ ਗਿਆ. "ਤਿਹ ਭੂਪਤਿ ਕੋ ਮਿਤ੍ਰ ਇੱਕ ਖੜਗ ਸਿੰਘ ਤਿਹ ਨਾਮ। ਪੈਰੇ ਸਮਰ ਸਮੁਦ੍ਰ ਬਹੁ ਮਹਾਰਥੀ ਬਲਧਾਮ." (ਕ੍ਰਿਸਨਾਵ) ਦੇਖੋ, ਖਰਗ ਸਿੰਘ ਅਤੇ ਗੁਰਮਿਤਾ ਸ਼ਬਦ। ੨. ਮਹਾਰਾਜਾ ਰਣਜੀਤ ਸਿੰਘ ਸ਼ੇਰਪੰਜਾਬ ਦਾ ਮਹਾਰਾਣੀ ਦਾਤਾਰ ਕੌਰਿ ਦੇ ਉਦਰ ਤੋਂ ਵਡਾ ਪੁਤ੍ਰ, ਜੋ ਸੰਮਤ ੧੮੬੦ ਵਿੱਚ ਪੈਦਾ ਹੋਇਆ ਅਤੇ ਸੰਮਤ ੧੮੯੬ ਵਿੱਚ ਲਹੌਰ ਦੇ ਤਖਤ ਉੱਪਰ ਬੈਠਾ, ਪਰ ਚਾਲਾਕ ਧ੍ਯਾਨ ਸਿੰਘ ਡੋਗਰੇ ਨੇ ਇਸ ਨੂੰ ਤਖਤੋਂ ਲਾਹਕੇ ਇਸ ਦੇ ਪੁਤ੍ਰ ਨੌਨਿਹਾਲ ਸਿੰਘ ਨੂੰ ਮਹਾਰਾਜਾ ਥਾਪਿਆ. ਖੜਗ ਸਿੰਘ ਇੱਕ ਵਰ੍ਹਾ ਗਮ ਨਾਲ ਬਿਮਾਰ ਰਹਿਕੇ ੨੧. ਕੱਤਕ ਸੰਮਤ ੧੮੯੭ ਨੂੰ ੩੮ ਵਰ੍ਹੇ ਦੀ ਉਮਰ ਵਿੱਚ ਗੁਜ਼ਰ ਗਿਆ.
ਸਰੋਤ: ਮਹਾਨਕੋਸ਼