ਪਰਿਭਾਸ਼ਾ
ਸੰ. गज् ਧਾ- ਮਦ ਨਾਲ ਸ਼ਬਦ ਕਰਨਾ। ੨. ਸੰਗ੍ਯਾ- ਹਾਥੀ, ਜੋ ਮਦ ਨਾਲ ਗਰਜਦਾ ਹੈ. "ਕੋਪ ਭਰ੍ਯੋ ਗਜ ਮੱਤ ਮਹਾਂ ਭਰ ਸੁੰਡ ਲਏ ਭਟ ਸੁੰਦਰ ਸੋਊ." (ਕ੍ਰਿਸਨਾਵ) ੩. ਇੱਕ ਗੰਧਰਵ, ਜੋ ਦੇਵਲ ਰਿਖੀ ਦੇ ਸ੍ਰਾਪ ਨਾਲ ਹਾਥੀ ਬਣ ਗਿਆ. ਇਸ ਨੂੰ ਵਰੁਣ ਦੇ ਤਲਾਉ ਵਿੱਚ ਤੇਂਦੂਏ ਨੇ ਗ੍ਰਸਲੀਤਾ. ਜਦ ਨਿਰਬਲ ਹੋਕੇ ਡੁੱਬਣ ਲੱਗਾ, ਤਦ ਕਰਤਾਰ ਅੱਗੇ ਅਰਦਾਸ ਕੀਤੀ, ਜਿਸ ਪੁਰ ਗਜ ਦੇ ਬੰਧਨ ਕੱਟੇ ਗਏ. ਦੇਖੋ, ਭਾਗਵਤ ਸਕੰਧ ੮, ਅਃ ੨. "ਗਜ ਕੋ ਤ੍ਰਾਸ ਮਿਟਿਓ ਜਿਹ ਸਿਮਰਤ." (ਗਉ ਮਃ ੯) ਦੇਖੋ, ਗਜੇਂਦ੍ਰ। ੪. ਗਣੇਸ਼. "ਕਹੁ ਗੁਰ ਗਜ ਸਿਵ ਸਭਕੋ ਜਾਨੈ." ਜੋ ਮਹਿਖਾਸੁਰ ਦਾ ਪੁਤ੍ਰ ਸੀ. ਗਜਾਸੁਰ. ਇਹ ਪਹਿਲੇ ਜਨਮ ਵਿੱਚ ਮਹੇਸ਼ ਰਾਜਾ ਸੀ. ਨਾਰਦ ਦੇ ਸ੍ਰਾਪ ਨਾਲ ਇਸ ਨੂੰ ਹਾਥੀ ਦਾ ਜਨਮ ਮਿਲਿਆ. ਦੇਵਤਿਆਂ ਦਾ ਦੁੱਖ ਦੂਰ ਕਰਨ ਲਈ ਸ਼ਿਵ ਨੇ ਗਜ ਨੂੰ ਮਾਰਿਆ ਅਤੇ ਉਸ ਦੀ ਖੱਲ ਆਪਣੇ ਸ਼ਰੀਰ ਪੁਰ ਪਹਿਰੀ. ਦੇਖੋ, ਸਕੰਦਪੁਰਾਣ, ਗਣੇਸ਼ਖੰਡ, ਅਃ ੧੦।#੬. ਸੁਗ੍ਰੀਵ ਦਾ ਇੱਕ ਮੰਤ੍ਰੀ। ੭. ਅਠਤਾਲੀ ਉਂਗਲ ਦੀ ਇੱਕ ਮਿਣਤੀ. ਦੇਖੋ, ਫ਼ਾ. [گز] ਗਜ਼. "ਮਨੁ ਮੇਰੋ ਗਜੁ ਜਿਹਵਾ ਮੇਰੀ ਕਾਤੀ." (ਆਸਾ ਨਾਮਦੇਵ) ਗਜ਼ ਦਾ ਮਾਪ ਬਹੁਤ ਬਦਲਦਾ ਰਿਹਾ ਹੈ ਅਤੇ ਹੁਣ ਭੀ ਕਈ ਭੇਦ ਹਨ, ਪਰ ਬਹੁਤ ਕਰਕੇ ਪ੍ਰਚਲਿਤ ਗਜ਼ ੧੬. ਗਿਰੇ ਅਥਵਾ ੩੬ ਇੰਚ ਦਾ ਹੈ. ਗਜ ਦਾ ਪ੍ਰਮਾਣ ਦੋ ਹੱਥ ਭੀ ਪੰਜਾਬ ਵਿੱਚ ਹੈ। ੮. ਸਰੰਦਾ ਸਾਰੰਗੀ ਆਦਿ ਬਜਾਉਣ ਲਈ ਵਾਲਾਂ ਦਾ ਕਮਾਨਚਾ ਅਤੇ ਬੰਦੂਕ ਕਸਣ ਜਾਂ ਸਾਫ ਕਰਣ ਦਾ ਸਰੀਆ. "ਛਣਕੰਤ ਲਗਤ ਗਜ ਫੇਰ ਫੇਰ." (ਗੁਪ੍ਰਸੂ) ੯. ਦੇਖੋ, ਗਜਣਾ। ੧੦. ਗ਼ਾਜ਼ੀ ਦੀ ਥਾਂ ਭੀ ਇੱਕ ਥਾਂ "ਗਜ" ਸ਼ਬਦ ਹੈ. "ਹਮੈ ਨ ਗਜਸੈਨਾ ਮੇ ਦੀਜੈ। ਹਿੰਦੂਧਰਮ ਰਾਖ ਕਰਿ ਲੀਜੈ." (ਚਰਿਤ੍ਰ ੧੯੫) ਸਾਨੂੰ ਗ਼ਾਜ਼ੀ ਪਠਾਣਾਂ ਦੀ ਫ਼ੌਜ ਦੇ ਸਪੁਰਦ ਨਾ ਕਰੋ.
ਸਰੋਤ: ਮਹਾਨਕੋਸ਼