ਗਠੀਆ
gattheeaa/gatdhīā

ਪਰਿਭਾਸ਼ਾ

ਗਠਕਤਰਾ. ਠਗ। ੨. ਅੰਗਾਂ ਦੀ ਗੱਠਾਂ (ਜੋੜਾਂ) ਵਿੱਚ ਹੋਣ ਵਾਲਾ ਇੱਕ ਰੋਗ. ਸੰ. ਸੰਧਿਵਾਤ. [نقرس] ਨਕ਼ਰਸ. Gout. ਗੰਠ (ਗੰਢਾਂ- ਜੋੜਾਂ) ਵਿੱਚ ਇਸ ਤੋਂ ਪੀੜ ਹੁੰਦੀ ਹੈ, ਇਸ ਕਾਰਣ ਇਹ ਨਾਉਂ ਹੈ. ਇਹ ਹਵਾ ਦੇ ਵਿਗਾੜ ਤੋਂ ਬਾਦੀ ਦੀ ਬੀਮਾਰੀ ਹੈ. ਸਰੀਰ ਸੁਸਤ ਹੋ ਕੇ ਅੰਗਾਂ ਦੇ ਜੋੜਾਂ ਵਿੱਚ ਦਰਦ ਅਤੇ ਸੋਜ ਹੋ ਜਾਂਦੀ ਹੈ. ਕਦੇ ਕਦੇ ਪੀੜ ਨਾਲ ਤਾਪ ਭੀ ਹੋ ਜਾਂਦਾ ਹੈ. ਗਠੀਆ ਕਈ ਕਾਰਣਾਂ ਤੋਂ ਹੁੰਦਾ ਹੈ, ਉਨ੍ਹਾਂ ਦੇ ਅਨੁਸਾਰ ਹੀ ਇਲਾਜ ਕਰਣਾ ਸੁਖਦਾਇਕ ਹੈ. ਇਸ ਰੋਗ ਦੇ ਮੁੱਖ ਕਾਰਣ ਇਹ ਹਨ-#ਬਹੁਤ ਬੈਠੇ ਰਹਿਣਾ, ਕਸਰਤ ਨਾ ਕਰਨੀ, ਚਿਕਨੇ ਅਤੇ ਭਾਰੀ ਪਦਾਰਥ ਖਾਣੇ, ਤਾਪ ਵਿੱਚ ਹਵਾ ਲੱਗ ਜਾਣੀ, ਸਰਦ ਮੁਲਕ ਵਿੱਚ ਵਸਤ੍ਰ ਆਦਿਕ ਦੀ ਬੇਪਰਵਾਹੀ ਕਰਨੀ, ਨੰਗੇ ਪੈਰੀਂ ਫਿਰਨਾ, ਆਤਸ਼ਕ ਅਤੇ ਸੁਜਾਕ ਦਾ ਜਹਿਰ ਸ਼ਰੀਰ ਵਿੱਚ ਰਹਿਣਾ, ਕੱਚੀਆਂ ਧਾਤਾਂ ਖਾਣੀਆਂ, ਬਹੁਤੀ ਸ਼ਰਾਬ ਪੀਣੀ, ਪੇਸ਼ਾਬ ਦੇ ਰੋਗ ਹੋਣੇ ਆਦਿਕ. ਇਹ ਰੋਗ ਮੌਰੂਸੀ ਭੀ ਹੋਇਆ ਕਰਦਾ ਹੈ.#ਗਠੀਏ ਦੇ ਸਾਧਾਰਣ ਇਲਾਜ ਇਹ ਹਨ-#(ੳ) ਤੁੰਮੇ ਦੀ ਜੜ, ਮਘਪਿੱਪਲ, ਦੋ ਦੋ ਮਾਸ਼ੇ, ਗੁੜ ਇੱਕ ਤੋਲਾ ਮਿਲਾਕੇ ਦੋ ਦੋ ਮਾਸ਼ੇ ਦੀ ਗੋਲੀਆਂ ਕਰਨੀਆਂ, ਦੋ ਗੋਲੀਆਂ ਰੋਜ ਜਲ ਨਾਲ ਖਾਣੀਆਂ.#(ਅ) ਇਰੰਡ ਦੇ ਤੇਲ ਦੀ ਜੋੜਾਂ ਤੇ ਮਾਲਿਸ਼ ਕਰਨੀ.#(ੲ) ਸੁਰੰਜਾਂ ਮਿੱਠੀਆਂ, ਅਸਗੰਧ, ਬਿਧਾਰਾ, ਸੁੰਢ, ਸੌਂਫ, ਇਨ੍ਹਾਂ ਨੂੰ ਪੀਹ ਛਾਣਕੇ, ਬਰੋਬਰ ਦੀ ਖੰਡ ਪਾ ਕੇ ਚਾਰ ਚਾਰ ਮਾਸ਼ੇ ਦੀਆਂ ਪੁੜੀਆਂ ਕਰਨੀਆਂ. ਇੱਕ ਪੁੜੀ ਸਵੇਰੇ ਇੱਕ ਸੰਝ ਨੂੰ ਗਰਮ ਦੁੱਧ ਨਾਲ ਛਕਣੀ.#(ਸ) ਯੋਗਰਾਜ ਗੁੱਗਲ ਵਰਤਣੀ.#(ਹ) ਤਾਰਪੀਨ ਦਾ, ਤਿਲਾਂ ਦਾ, ਕਾਫੂਰੀ, ਕੁੱਠ ਦਾ ਤੇਲ ਅਤੇ ਨਾਰਾਯਣੀ ਤੇਲ ਜੋੜਾਂ ਉੱਪਰ ਮਲਣਾ.#(ਕ) ਅਸਗੰਧ ਦਾ ਚੂਰਨ ਤਿੰਨ ਮਾਸ਼ੇ, ਛੀ ਮਾਸ਼ੇ ਖੰਡ ਮਿਲਾਕੇ ਬਕਰੀ ਦੇ ਦੁੱਧ ਨਾਲ ਫੱਕਣਾ। ੩. ਗਾਂਠ ਮੇਂ, ਗੰਢ ਵਿੱਚ "ਇਤਨਕੁ ਖਟੀਆ ਗਠੀਆ ਮਟੀਆ" (ਕੇਦਾ ਕਬੀਰ) ਐਨੀ ਮਾਇਆ ਖੱਟੀ ਹੈ, ਇਤਨੀ ਪੱਲੇ ਹੈ, ਇਤਨੀ ਦੱਬੀ ਹੋਈ ਹੈ.
ਸਰੋਤ: ਮਹਾਨਕੋਸ਼